ਮੋਦੀ ਦੀ ਸਰਕਾਰ ਡੇਗ ਕੇ ਸ਼ਰੀਅਤ ਕਾਨੂੰਨ ਲਿਆਉਣ ਦੀ ਸਾਜ਼ਿਸ਼ ਦਾ ਪਰਦਾਫਾਸ਼
Monday, Aug 04, 2025 - 10:39 PM (IST)

ਲਖਨਊ, (ਭਾਸ਼ਾ)- ਉੱਤਰ ਪ੍ਰਦੇਸ਼ ਏ. ਟੀ. ਐੱਸ. ਨੇ ਦੇਸ਼ ’ਚ ਸ਼ਰੀਅਤ ਕਾਨੂੰਨ ਲਾਗੂ ਕਰਨ ਦੀ ਸਾਜ਼ਿਸ਼ ਰਚਣ ਤੇ ਫਿਰਕੂ ਸਦਭਾਵਨਾ ਨੂੰ ਵਿਗਾੜਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਮਹਾਰਾਸ਼ਟਰ ਦੇ ਠਾਣੇ ਤੋਂ ਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਪਛਾਣ ਡਾ. ਓਸਾਮਾ ਮਾਜ਼ ਸ਼ੇਖ ਵਜੋਂ ਹੋਈ ਹੈ ਜੋ ਬਦਲਪੁਰ ਥਾਣਾ ਖੇਤਰ ਦਾ ਰਹਿਣ ਵਾਲਾ ਹੈ।
ਇਸ ਤੋਂ ਪਹਿਲਾਂ ਏ. ਟੀ. ਐੱਸ. ਨੇ ਇਸੇ ਮਾਮਲੇ ’ਚ ਇਕ ਅਗਸਤ ਨੂੰ ਅਮਰੋਹਾ ਜ਼ਿਲੇ ਦੇ ਡੇਹਰਾ ਪਿੰਡ ਦੇ ਰਹਿਣ ਵਾਲੇ ਅਜਮਲ ਅਲੀ ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਦੋਵੇਂ ਮੁਲਜ਼ਮ ਪਾਕਿਸਤਾਨ ਦੇ ਕਈ ਨਾਗਰਿਕਾਂ ਦੇ ਸੰਪਰਕ ’ਚ ਸਨ ਤੇ ਸੋਸ਼ਲ ਮੀਡੀਆ ਰਾਹੀਂ ‘ਗਜ਼ਵਾ-ਏ-ਹਿੰਦ’ ਰਾਹੀਂ ਭਾਰਤ ’ਚ ਸ਼ਰੀਅਤ ਰਾਜ ਲਾਗੂ ਕਰਨ ਦੀ ਯੋਜਨਾ ਬਣਾ ਰਹੇ ਸਨ।
ਏ. ਟੀ. ਐੱਸ. ਦੀ ਜਾਂਚ ਦੌਰਾਨ ‘ਰਿਵਾਈਵਿੰਗ ਇਸਲਾਮ’ ਨਾਂ ਦੇ ਇਕ ਵ੍ਹਟਸਐਪ ਗਰੁੱਪ ਦਾ ਖੁਲਾਸਾ ਹੋਇਆ ਹੈ, ਜਿਸ ਦੇ ਲਗਭਗ 400 ਪਾਕਿਸਤਾਨੀ ਮੈਂਬਰ ਹਨ। ਅਜਮਲ ਅਲੀ ਇਸ ਗਰੁੱਪ ’ਚ ਸਰਗਰਮ ਸੀ ਤੇ ਕੱਟੜਪੰਥੀ ਵਿਚਾਰਧਾਰਾ ਫੈਲਾ ਰਿਹਾ ਸੀ।
ਪੁੱਛਗਿੱਛ ਦੌਰਾਨ ਅਜਮਲ ਨੇ ਖੁਲਾਸਾ ਕੀਤਾ ਕਿ ਉਹ ਇੰਸਟਾਗ੍ਰਾਮ ’ਤੇ ਡਾ. ਓਸਾਮਾ ਦੇ ਸੰਪਰਕ ’ਚ ਸੀ ਅਤੇ ਦੋਵੇਂ ਮਿਲ ਕੇ ਭਾਰਤ ਵਿਰੋਧੀ ਸਰਗਰਮੀਆਂ ਦੀ ਯੋਜਨਾ ਬਣਾਉਂਦੇ ਸਨ। ਉਨ੍ਹਾਂ ਦੀ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੂੰ ਡੇਗਣ ਤੇ ਭਾਰਤ ’ਚ ਸ਼ਰੀਅਤ ਕਾਨੂੰਨ ਲਾਗੂ ਕਰਨ ਬਾਰੇ ਚਰਚਾ ਹੋਈ। ਏ. ਟੀ. ਐੱਸ. ਨੇ ਦੋਵਾਂ ਵਿਰੁੱਧ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਮਾਮਲੇ ਦੀ ਡੂੰਘਾਈ ਨਾਲ ਜਾਂਚ ਚੱਲ ਰਹੀ ਹੈ।