ਜੰਮੂ-ਕਸ਼ਮੀਰ ’ਚ 26/11 ਵਰਗੇ ਅੱਤਵਾਦੀ ਹਮਲੇ ਦੀ ਸਾਜ਼ਿਸ਼, ਜੀ-20 ਮਹਿਮਾਨਾਂ ਦਾ ਗੁਲਮਰਗ ਦੌਰਾ ਰੱਦ

Monday, May 22, 2023 - 10:11 AM (IST)

ਸ਼੍ਰੀਨਗਰ (ਬਿਊਰੋ)- ਜੰਮੂ-ਕਸ਼ਮੀਰ ’ਚ ਸੋਮਵਾਰ ਤੋਂ ਸ਼ੁਰੂ ਹੋ ਰਹੇ ਜੀ-20 ਸਮਿਟ ਦੀ ਬੈਠਕ ਤੋਂ ਠੀਕ ਪਹਿਲਾਂ ਪ੍ਰਸ਼ਾਸਨ ਨੇ ਪ੍ਰੋਗਰਾਮ ’ਚ ਕੁਝ ਬਦਲਾਅ ਕੀਤਾ ਹੈ। ਸੁਰੱਖਿਆ ਕਾਰਨਾਂ ਕਰ ਕੇ ਜੀ-20 ਟੂਰਿਜ਼ਮ ਵਰਕਿੰਗ ਗਰੁੱਪ (ਡੀ. ਡਬਲਿਊ. ਜੀ.) ਦਾ ਹੁਣ ਗੁਲਮਰਗ ਦੌਰਾ ਰੱਦ ਕਰ ਦਿੱਤਾ ਗਿਆ ਹੈ। ਵਿਦੇਸ਼ੀ ਮਹਿਮਾਨਾਂ ਦੇ ਯਾਤਰਾ ਸ਼ੈਡਿਊਲ ’ਚ ਪਹਿਲਾਂ ਉੱਤਰੀ ਕਸ਼ਮੀਰ ਦੇ ਗੁਲਮਰਗ ਸਥਿਤ ਮਸ਼ਹੂਰ ਸਕੀ ਰਿਜ਼ਾਰਟ ਤੇ ਦਾਚੀਗਾਮ ਵਾਈਲਡ ਲਾਈਫ ਸੈਂਚੁਰੀ ਜਾਣ ਦਾ ਪ੍ਰੋਗਰਾਮ ਤੈਅ ਸੀ। ਸੂਤਰਾਂ ਮੁਤਾਬਕ, 26/11 ਵਰਗੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਦੇ ਖੁਲਾਸੇ ਤੋਂ ਬਾਅਦ ਇਹ ਵੱਡਾ ਕਦਮ ਚੁੱਕਿਆ ਗਿਆ। ਸ਼੍ਰੀਨਗਰ ਸਥਿਤ ਐੱਸ.ਕੇ.ਆਈ.ਸੀ.ਸੀ. ’ਚ 22 ਤੋਂ 24 ਮਈ ਤਕ ਜੀ-20 ਦੀ ਬੈਠਕ ਹੋਣੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਅੱਤਵਾਦੀ ਸੰਗਠਨਾਂ ਨੇ ਗੁਲਮਰਗ ’ਚ ਜੀ-20 ਦੌਰਾਨ 26/11 ਦੇ ਹਮਲੇ ਨੂੰ ਦੋਹਰਾਉਣ ਦੀ ਸਾਜ਼ਿਸ਼ ਰਚੀ ਹੈ। ਅਪ੍ਰੈਲ ਮਹੀਨੇ ’ਚ ਸੁਰੱਖਿਆ ਏਜੰਸੀਆਂ ਨੇ ਓਵਰਗ੍ਰਾਊਂਡ ਵਰਕਰ ਫਾਰੂਕ ਅਹਿਮਦ ਵਾਨੀ ਨੂੰ ਗ੍ਰਿਫਤਾਰ ਕੀਤਾ ਸੀ, ਜੋ ਗੁਲਮਰਗ ਦੇ ਹੋਟਲ ’ਚ ਡਰਾਈਵਰ ਦੇ ਰੂਪ ’ਚ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਓਵਰਗਰਾਊਂਡ ਵਰਕਰ ਆਈ.ਐੱਸ.ਆਈ. ਨਾਲ ਸਿੱਧੇ ਸੰਪਰਕ ’ਚ ਸੀ।

ਇਹ ਵੀ ਪੜ੍ਹੋ : ਚੀਨ ਵੱਲੋਂ ਸ਼੍ਰੀਨਗਰ 'ਚ ਹੋਣ ਵਾਲੀ ਜੀ-20 ਮੀਟਿੰਗ ਦੇ ਬਾਈਕਾਟ ਦਾ ਐਲਾਨ, ਜੰਮੂ-ਕਸ਼ਮੀਰ ਨੂੰ ਦੱਸਿਆ 'ਵਿਵਾਦਤ ਖੇਤਰ'

2 ਤੋਂ 3 ਜਗ੍ਹਾ ਹਮਲੇ ਦੀ ਸਾਜ਼ਿਸ਼ : ਸੂਤਰ

ਮੀਡੀਆ ਰਿਪੋਰਟਾਂ ਅਨੁਸਾਰ, ਜੀ-20 ਬੈਠਕ ਦੌਰਾਨ 2 ਤੋਂ 3 ਜਗ੍ਹਾ ਹਮਲੇ ਦੀ ਸਾਜ਼ਿਸ਼ ਸੀ। ਇਸ ਤੋਂ ਇਲਾਵਾ ਮਹਿਮਾਨਾਂ ਨੂੰ ਬੰਧਕ ਬਣਾਉਣ ਦਾ ਵੀ ਪਲਾਨ ਸੀ। ਸੂਤਰਾਂ ਅਨੁਸਾਰ, ਖੁਫੀਆ ਏਜੰਸੀਆਂ ਨੇ ਕਥਿਤ ਤੌਰ ’ਤੇ ਤਿੰਨ ਦਿਨਾ ਪ੍ਰੋਗਰਾਮ ਦੌਰਾਨ ਸਕੂਲਾਂ ਨੂੰ ਨਿਸ਼ਾਨਾ ਬਣਾ ਕੇ ਸੰਭਾਵੀ ਅੱਤਵਾਦੀ ਹਮਲੇ ਦੀ ਚਿਤਾਵਨੀ ਦਿੱਤੀ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਕੁਝ ਸਕੂਲਾਂ ਨੂੰ ਪ੍ਰੋਗਰਾਮ ਖ਼ਤਮ ਹੋਣ ਤੱਕ ਬੰਦ ਰੱਖਣ ਦਾ ਹੁਕਮ ਦੇਣਾ ਪਿਆ।

ਪੁਲਸ ਅਤੇ ਸੀ.ਆਰ.ਪੀ.ਐੱਫ. ਨੇ ਵਧਾਈ ਪੈਟਰੋਲਿੰਗ

ਤਿੰਨ ਦਿਨਾਂ ਦੇ ਪ੍ਰੋਗਰਾਮ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਨ ਲਈ ਜੇਹਲਮ ਅਤੇ ਡੱਲ ਝੀਲ ’ਚ ਮੈਰੀਨ ਕਮਾਂਡੋ ਫੋਰਸ (ਐੱਮ. ਸੀ. ਐੱਫ.) ਅਤੇ ਰਾਸ਼ਟਰੀ ਸੁਰੱਖਿਆ ਗਾਰਡ (ਐੱਨ. ਐੱਸ. ਜੀ.) ਦੇ ਕਮਾਂਡੋ ਜ਼ ਦੇ ਨਾਲ ਜੀ-20 ਟੂਰਿਜ਼ਮ ਟ੍ਰੈਕ ਬੈਠਕ ਦੇ ਸਥਾਨ ਐੱਸ.ਕੇ.ਆਈ.ਸੀ.ਸੀ. ’ਚ ਅਤੇ ਉਸ ਦੇ ਆਲੇ-ਦੁਆਲੇ ਬਹੁ-ਪੱਧਰੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਪੂਰੇ ਸ਼ਹਿਰ ’ਚ ਹਾਈ-ਟੈੱਕ ਡ੍ਰੋਨ ਰਾਹੀਂ ਨਿਗਰਾਨੀ ਕੀਤੀ ਜਾਵੇਗੀ, ਜਦੋਂ ਕਿ ਪ੍ਰੋਗਰਾਮ ਵਾਲੇ ਸਥਾਨ ਅਤੇ ਉਸ ਦੇ ਆਲੇ-ਦੁਆਲੇ ਕਲੋਜ਼ ਸਰਕਿਟ ਟੈਲੀਵਿਜ਼ਨ (ਸੀ.ਸੀ.ਟੀ.ਵੀ.) ਕੈਮਰੇ ਲਾਏ ਗਏ ਹਨ। ਸ਼੍ਰੀਨਗਰ ’ਚ ਪੁਲਸ ਅਤੇ ਸੀ.ਆਰ.ਪੀ.ਐੱਫ. ਨੇ ਪੈਟਰੋਲਿੰਗ ਵਧਾ ਦਿੱਤੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News