ਕੋਰੋਨਾ ਕਹਿਰ, ਸੰਸਦ ਦਾ ਮਾਨਸੂਨ ਸੈਸ਼ਨ ਜਲਦ ਖ਼ਤਮ ਹੋਣ ਦੀ ਸੰਭਾਵਨਾ
Sunday, Sep 20, 2020 - 08:20 AM (IST)
ਨਵੀਂ ਦਿੱਲੀ— ਸੰਸਦ ਦਾ ਮਾਨਸੂਨ ਇਜਲਾਸ 1 ਅਕਤੂਬਰ ਤੋਂ ਪਹਿਲਾਂ ਹੀ ਖ਼ਤਮ ਕਰਨ 'ਤੇ ਵਿਚਾਰ ਹੋ ਰਿਹਾ ਹੈ। ਲੋਕ ਸਭਾ ਦੀ ਬਿਜ਼ਨੈੱਸ ਐਡਵਾਇਜ਼ਰੀ ਕਮੇਟੀ (ਬੀ. ਏ. ਸੀ.) ਦੀ ਕੱਲ ਸ਼ਾਮ ਨੂੰ ਹੋਈ ਬੈਠਕ 'ਚ ਇਸ ਮੁੱਦੇ 'ਤੇ ਚਰਚਾ ਹੋਈ ਹੈ। ਸਰਕਾਰ ਅਤੇ ਵਿਰੋਧੀ ਧਿਰਾਂ 'ਚ ਵੀ ਇਸ ਬਾਰੇ ਚਰਚਾ ਹੋਈ ਹੈ।
ਕਿਹਾ ਜਾ ਰਿਹਾ ਹੈ ਕਿ ਬੀ. ਏ. ਸੀ. ਬੈਠਕ 'ਚ ਮਾਨਸੂਨ ਇਜਲਾਸ ਜਲਦ ਖ਼ਤਮ ਕਰਨ ਦੀ ਸਹਿਮਤੀ ਬਣ ਗਈ ਹੈ। ਦੋ ਮੰਤਰੀਆਂ ਅਤੇ ਇਕ ਭਾਜਪਾ ਸੰਸਦ ਮੈਂਬਰ ਇਜਲਾਸ ਦੌਰਾਨ ਕੋਰੋਨਾ ਪਾਜ਼ੀਟਿਵ ਪਾਏ ਜਾਣ ਪਿੱਛੋਂ ਮਾਨਸੂਨ ਇਜਲਾਸ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਸਮਾਪਤ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ।
ਬੁੱਧਵਾਰ ਨੂੰ ਸੰਸਦ ਦਾ ਮਾਨਸੂਨ ਇਜਲਾਸ ਸਮਾਪਤ ਕੀਤਾ ਜਾ ਸਕਦਾ ਹੈ। ਗੌਰਤਲਬ ਹੈ ਕਿ ਭਾਜਪਾ ਸੰਸਦ ਮੈਂਬਰ ਵਿਨੈ ਸਹਸਤ੍ਰਬੁੱਧੇ ਨੇ ਰਾਜਸਭਾ 'ਚ ਭਾਸ਼ਣ ਦਿੱਤਾ ਸੀ। ਇਸ ਤੋਂ ਬਾਅਦ ਉਹ ਕੋਰੋਨਾ ਪਾਜ਼ੀਟਿਵ ਪਾਏ ਗਏ। ਹਾਲਾਂਕਿ, ਇਜਲਾਸ ਸੁਰੂ ਹੋਣ ਤੋਂ ਪਹਿਲਾਂ ਕੀਤੀ ਗਈ ਜਾਂਚ 'ਚ ਉਹ ਨੈਗੇਟਿਵ ਸਨ। ਇਸੇ ਤਰ੍ਹਾਂ ਨਿਤਿਨ ਗਡਕਰੀ ਅਤੇ ਪ੍ਰਹਿਲਾਦ ਪਟੇਲ ਵੀ ਬਾਅਦ 'ਚ ਪਾਜ਼ੀਟਿਵ ਹੋਏ। ਉਨ੍ਹਾਂ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਕੋਵਿਡ-19 ਦੀ ਚਪੇਟ 'ਚ ਆ ਚੁੱਕੇ ਹਨ। ਸੰਸਦ ਦਾ ਮਾਨਸੂਨ ਇਜਲਾਸ 14 ਸਤੰਬਰ ਨੂੰ ਸ਼ੁਰੂ ਹੋਇਆ ਸੀ, ਜੋ ਪਹਿਲੀ ਅਕਤੂਬਰ ਤੱਕ ਚੱਲਣ ਦੀ ਤਾਰੀਖ਼ ਨਿਰਧਾਰਤ ਕੀਤੀ ਗਈ ਹੈ। ਹਾਲਾਂਕਿ, ਕੋਰੋਨਾ ਵਾਇਰਸ ਸੰਕਰਮਣ ਦੇ ਮੱਦੇਨਜ਼ਰ ਇਸ ਨੂੰ ਪਹਿਲਾਂ ਹੀ ਖ਼ਤਮ ਕੀਤੇ ਜਾਣ ਦੀ ਸੰਭਾਵਨਾ ਬਣ ਗਈ ਹੈ।