ਵਿਦੇਸ਼ ਤੇ ਸਿੱਖਿਆ ਸਮੇਤ 4 ਕਮੇਟੀਆਂ ਦੀ ਪ੍ਰਧਾਨਗੀ ਕਰੇਗੀ ਕਾਂਗਰਸ, ਬਜਟ ’ਤੇ ਦੇਵੇਗੀ ਸਰਕਾਰ ਨੂੰ ਸਲਾਹ

Tuesday, Sep 17, 2024 - 10:54 AM (IST)

ਨਵੀਂ ਦਿੱਲੀ (ਇੰਟ.)- ਨਵੀਂ ਲੋਕ ਸਭਾ ’ਚ ਕਾਂਗਰਸ 4 ਸੰਸਦੀ ਕਮੇਟੀਆਂ ਦੀ ਪ੍ਰਧਾਨਗੀ ਕਰੇਗੀ। ਸਰਕਾਰ ਨਾਲ ਲੰਮੀ ਗੱਲਬਾਤ ਤੋਂ ਬਾਅਦ ਲੋਕ ਸਭਾ ’ਚ ਵਿਰੋਧੀ ਧਿਰ ਕਾਂਗਰਸ ਨੂੰ ਲੋਕ ਸਭਾ ’ਚ ਵਿਦੇਸ਼, ਪੇਂਡੂ ਵਿਕਾਸ, ਖੇਤੀਬਾੜੀ ਅਤੇ ਰਾਜ ਸਭਾ ’ਚ ਸਿੱਖਿਆ ਸਬੰਧੀ ਸਥਾਈ ਕਮੇਟੀ ਦੀ ਪ੍ਰਧਾਨਗੀ ਮਿਲੀ ਹੈ। ਹਾਲਾਂਕਿ ਕਾਂਗਰਸ ਨੂੰ 5 ਕਮੇਟੀਆਂ ਦੀ ਪ੍ਰਧਾਨਗੀ ਮਿਲਣ ਦੀ ਉਮੀਦ ਸੀ। ਸੰਸਦ ਦੀਆਂ ਵਿਭਾਗਾਂ ’ਤੇ ਸਥਾਈ ਕਮੇਟੀਆਂ ਵੱਖ-ਵੱਖ ਕੇਂਦਰੀ ਮੰਤਰਾਲਿਆਂ ਨਾਲ ਨਜਿੱਠਦੀਆਂ ਹਨ ਅਤੇ ਉਨ੍ਹਾਂ ਦੀ ਬਜਟ ਅਲਾਟਮੈਂਟ ਅਤੇ ਸੰਸਦ ’ਚ ਪੇਸ਼ ਕੀਤੇ ਗਏ ਬਿੱਲਾਂ ਦੀ ਜਾਂਚ ਕਰਦੀਆਂ ਹਨ। ਕਮੇਟੀਆਂ ਸਰਕਾਰ ਨੂੰ ਅਹਿਮ ਮੁੱਦਿਆਂ ’ਤੇ ਬਿਲ ਲਿਆਉਣ ਅਤੇ ਨੀਤੀਆਂ ਬਣਾਉਣ ਦੀ ਵੀ ਸਲਾਹ ਦਿੰਦੀਆਂ ਹਨ। ਵਿਭਾਗਾਂ ਨਾਲ ਸਬੰਧਤ ਸਥਾਈ ਕਮੇਟੀਆਂ ਦੀ ਪ੍ਰਧਾਨਗੀ ਨੂੰ ਲੈ ਕੇ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਕਾਫ਼ੀ ਸਮੇਂ ਤੋਂ ਗੱਲਬਾਤ ਚੱਲ ਰਹੀ ਸੀ। ਦੋਨਾਂ ਦਰਮਿਆਨ ਵਿਦੇਸ਼, ਰੱਖਿਆ, ਵਿੱਤ ਅਤੇ ਗ੍ਰਹਿ ਵਰਗੀਆਂ ਪ੍ਰਮੁੱਖ ਕਮੇਟੀਆਂ ’ਤੇ ਕੰਟਰੋਲ ਨੂੰ ਲੈ ਕੇ ਸਖ਼ਤ ਮੁਕਾਬਲਾ ਸੀ।

ਇਹ ਵੀ ਪੜ੍ਹੋ : 5 ਸਾਲ ਵੀ ਨਹੀਂ ਚਲਿਆ 42 ਕਰੋੜ ਦਾ ਪੁਲ, ਹੁਣ ਤੋੜਨ 'ਚ ਖਰਚ ਹੋਣਗੇ 52 ਕਰੋੜ

ਅਜੇ ਤੱਕ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਰਾਜ ਸਭਾ ਦੀ ਵਾਤਾਵਰਣ ਜੰਗਲਾਤ ’ਤੇ ਸਥਾਈ ਕਮੇਟੀ ਤੇ ਅਭਿਸ਼ੇਕ ਸਿੰਘਵੀ ਨੇ ਵਣਜ ’ਤੇ ਕਮੇਟੀ ਦੀ ਪ੍ਰਧਾਨਗੀ ਕੀਤੀ। ਇਸ ਦੇ ਨਾਲ ਹੀ ਸ਼ਸ਼ੀ ਥਰੂਰ ਨੇ ਰਸਾਇਣ ਅਤੇ ਫਰਟੀਲਾਈਜ਼ਰ ਵਿਭਾਗ ’ਤੇ ਸਬੰਧਤ ਕਮੇਟੀ ਦੀ ਪ੍ਰਧਾਨਗੀ ਦੀ ਜ਼ਿੰਮੇਦਾਰੀ ਸੰਭਾਲੀ ਸੀ। ਦੱਸਿਆ ਜਾਂਦਾ ਹੈ ਕਿ ਲੋਕ ਸਭਾ ਦੇ ਗਠਨ ਤੋਂ ਬਾਅਦ ਸਥਾਈ ਕਮੇਟੀਆਂ ਦੇ ਗਠਨ ’ਚ ਸਮਾਜਵਾਦੀ ਪਾਰਟੀ, ਡੀ. ਐੱਮ. ਕੇ. ਅਤੇ ਤ੍ਰਿਣਮੂਲ ਕਾਂਗਰਸ ਨੂੰ ਵੀ ਇਕ-ਇਕ ਸਥਾਈ ਕਮੇਟੀ ਦੀ ਪ੍ਰਧਾਨਗੀ ਦੀ ਜ਼ਿੰਮੇਵਰੀ ਮਿਲ ਸਕਦੀ ਹੈ। ਸੰਸਦ ’ਚ ਵਿਭਾਗਾਂ ਨਾਲ ਸਬੰਧਤ ਕੁੱਲ 24 ਸਥਾਈ ਕਮੇਟੀਆਂ ਹਨ। ਲੋਕ ਸਭਾ ਦੇ ਅਧੀਨ 16 ਅਤੇ ਰਾਜ ਸਭਾ ਦੇ ਅਧੀਨ 8 ਸਥਾਈ ਕਮੇਟੀ ਹੁੰਦੀਆਂ ਹਨ। ਇਨ੍ਹਾਂ ’ਚੋਂ ਹਰ ਇਕ ਕਮੇਟੀ ’ਚ 31 ਮੈਂਬਰ ਹੁੰਦੇ ਹਨ, ਜਿਨ੍ਹਾਂ ’ਚ 21 ਲੋਕ ਸਭਾ ਤੋਂ ਅਤੇ 10 ਰਾਜ ਸਭਾ ਤੋਂ ਹੁੰਦੇ ਹਨ। ਜਿਨ੍ਹਾਂ ਨੂੰ ਪਾਰਟੀਆਂ ਦੀ ਸਲਾਹ ’ਤੇ ਲੋਕ ਸਭਾ ਸਪੀਕਰ ਅਤੇ ਰਾਜ ਸਭਾ ਦੇ ਚੇਅਰਮੈਨ ਨਾਮਜ਼ਦ ਕਰਦੇ ਹਨ। ਇਨ੍ਹਾਂ ਕਮੇਟੀਆਂ ਦਾ ਕਾਰਜਕਾਲ ਇਕ ਸਾਲ ਦਾ ਹੁੰਦਾ ਹੈ। ਸੰਸਦੀ ਕਾਰਜ ਮੰਤਰੀ ਕਿਰੇਨ ਰਿਜਿਜੂ ਨੇ ਹਾਲ ਹੀ ’ਚ ਕਿਹਾ ਸੀ ਕਿ ਸਥਾਈ ਕਮੇਟੀਆਂ ਦੇ ਗਠਨ ’ਚ ਕੋਈ ਦੇਰੀ ਨਹੀਂ ਹੋਈ ਹੈ ਅਤੇ ਰਵਾਇਤ ਅਨੁਸਾਰ ਸਤੰਬਰ ਮਹੀਨੇ ਦੇ ਅੰਤ ਤੱਕ ਉਨ੍ਹਾਂ ਦਾ ਗਠਨ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News