ਕਾਂਗਰਸ ਨੇ ‘ਖਾਕੀ ਨਿੱਕਰ ''ਚ ਅੱਗ’ ਦੀ ਤਸਵੀਰ ਟਵੀਟ ਕੀਤੀ, ਭਾਜਪਾ ਨੇ ਹਿੰਸਾ ਲਈ ਉਕਸਾਉਣ ਦਾ ਲਾਇਆ ਦੋਸ਼
Monday, Sep 12, 2022 - 06:48 PM (IST)
ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਸੋਮਵਾਰ ਨੂੰ ਖਾਕੀ ਨਿੱਕਰ ’ਚ ਅੱਗ ਲੱਗੀ ਹੋਣ ਦੀ ਇਕ ਤਸਵੀਰ ਟਵੀਟ ਕੀਤੀ, ਜਿਸ ’ਤੇ ਭਾਰਤੀ ਜਨਤਾ ਪਾਰਟੀ ਨੇ ਦੋਸ਼ ਲਾਇਆ ਕਿ ਮੁੱਖ ਵਿਰੋਧੀ ਪਾਰਟੀ ਹਿੰਸਾ ਲਈ ਉਕਸਾ ਰਹੀ ਹੈ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਤੱਕ ਖਾਕੀ ਨਿੱਕਰ ਰਾਸ਼ਟਰੀ ਸਵੈਮ ਸੇਵਕ ਦਾ ਡਰੈੱਸ ਕੋਡ ਹੁੰਦਾ ਸੀ। ਹੁਣ ਆਰ. ਐੱਸ. ਐੱਸ. ਵਾਲੰਟੀਅਰ ਫੁੱਲ ਪੈਂਟ ਪਹਿਨਦੇ ਹਨ। ਕਾਂਗਰਸ ਨੇ ਖਾਕੀ ਨਿੱਕਰ ’ਚ ਅੱਗ ਲੱਗੇ ਹੋਣ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ,‘‘ਦੇਸ਼ ਨੂੰ ਨਫ਼ਰਤ ਦੀਆਂ ਬੇੜੀਆਂ ਤੋਂ ਮੁਕਤ ਕਰਵਾਉਣ ਲਈ ਅਤੇ ਭਾਜਪਾ-ਆਰ. ਐੱਸ. ਐੱਸ. ਵੱਲੋਂ ਕੀਤੇ ਗਏ ਨੁਕਸਾਨ ਦੀ ਭਰਪਾਈ ਕਰਨੀ ਹੈ। ਇਕ-ਇਕ ਕਦਮ ਕਰ ਕੇ ਅਸੀਂ ਆਪਣੇ ਟੀਚੇ ’ਤੇ ਪਹੁੰਚਾਂਗੇ।’’ ਉਨ੍ਹਾਂ ਨੇ ‘ਭਾਰਤ ਜੋੜੋ’ ਯਾਤਰਾ ਦੇ ਲੋਗੋ ਦੀ ਵਰਤੋਂ ਕੀਤੀ ਅਤੇ ਯਾਤਰਾ ਦੇ ਬਾਕੀ ਦਿਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ‘145 ਦਿਨ ਬਾਕੀ ਹਨ।’
ਕਾਂਗਰਸ ਦੇ ਇਸ ਟਵੀਟ ’ਤੇ ਭਾਜਪਾ ਨੇ ਉਸ ’ਤੇ ਨਿਸ਼ਾਨਾ ਵਿੰਨ੍ਹਦਿਆਂ ਦੋਸ਼ ਲਾਇਆ ਕਿ ਕਾਂਗਰਸ ਹਿੰਸਾ ਲਈ ਉਕਸਾ ਰਹੀ ਹੈ ਅਤੇ ਉਸ ਦੀ ਯਾਤਰਾ ‘ਭਾਰਤ ਤੋੜੋ ਯਾਤਰਾ’ ਹੈ। ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਦੋਸ਼ ਲਾਇਆ ਕਿ ਵਿਰੋਧੀ ਪਾਰਟੀ ਨੇ ਕੇਰਲ ’ਚ ‘ਅੱਤਵਾਦੀਆਂ’ ਨੂੰ ਇਸ਼ਾਰਾ ਕੀਤਾ ਕਿ ਆਰ. ਐੱਸ. ਐੱਸ. ਦੇ ਅਹੁਦੇਦਾਰਾਂ ਨੂੰ ਨਿਸ਼ਾਨਾ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਇਸ ਟਵੀਟ ਨੂੰ ਤੁਰੰਤ ਹਟਾ ਦੇਣਾ ਚਾਹੀਦਾ ਹੈ ਅਤੇ ਭਾਰਤ ਦੀ ਸੰਵਿਧਾਨਕ ਪ੍ਰਣਾਲੀ ’ਚ ਹਿੰਸਾ ਲਈ ਕੋਈ ਥਾਂ ਨਹੀਂ ਹੈ। ਪਾਤਰਾ ਨੇ ਦਾਅਵਾ ਕੀਤਾ ਕਿ ਕਾਂਗਰਸ ਦੀ ਅੱਗ ਨਾਲ ਬਹੁਤ ਪੁਰਾਣਾ ਨਾਤਾ ਹੈ ਅਤੇ ਇਸ ਦੇ ਰਾਜ ਦੌਰਾਨ ਪੰਜਾਬ ਨੂੰ ਅੱਗ ’ਚ ਸੁੱਟ ਦਿੱਤਾ ਗਿਆ ਅਤੇ 1984 'ਚ ਸਿੱਖਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ।