ਰਾਫੇਲ ਸੌਦੇ ’ਚ ਕਾਂਗਰਸ ਨੇ ਲਈ ਕਮਿਸ਼ਨ, ਰਾਹੁਲ ਇਸ ਭ੍ਰਿਸ਼ਟਾਚਾਰ ਦਾ ਦੇਣ ਜਵਾਬ : ਸੰਬਿਤ ਪਾਤਰਾ
Tuesday, Nov 09, 2021 - 05:50 PM (IST)
ਨਵੀਂ ਦਿੱਲੀ (ਵਾਰਤਾ)- ਰਾਫੇਲ ਲੜਾਕੂ ਜਹਾਜ਼ਾਂ ਦੇ ਸੌਦੇ ਮਾਮਲੇ ’ਚ ਫਰਾਂਸ ਦੀ ਮੈਗਜ਼ੀਨ ‘ਮੀਡੀਆਪਾਰਟ’ ਵਲੋਂ ਹੋਏ ਖੁਲਾਸਿਆਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਾਂਗਰਸ ’ਤੇ ਹਮਲਾ ਬੋਲਦੇ ਹੋਏ ਰਾਫੇਲ ਸੌਦੇ ’ਚ ਕਮਿਸ਼ਨ ਲੈਣ ਦਾ ਦੋਸ਼ ਲਗਾਇਆ ਹੈ। ਮੰਗਲਵਾਰ ਨੂੰ ਇੱਥੇ ਆਯੋਜਿਤ ਪੱਤਰਕਾਰ ਸੰਮੇਲਨ ’ਚ ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ‘ਮੀਡੀਆਪਾਰਟ’ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਵਿਚੌਲੇ ਸੁਸ਼ੇਨ ਗੁਪਤਾ ਦੇ ਨਾਮ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਿਸ ਵਿਚੋਲੇ ਦਾ ਨਾਮ ‘ਅਗਸਤ ਵੈਸਟਲੈਂਡ’ ਘਪਲੇ ’ਚ ਸਾਹਮਣੇ ਆਇਆ ਸੀ, ਉਸੇ ਦੇ ਨਾਮ ਰਾਫੇਲ ਸੌਦੇ ’ਚ ਵੀ ਆਇਆ ਹੈ। ਉਨ੍ਹਾਂ ਕਿਹਾ,‘‘ਰਾਫੇਲ ਦਾ ਵਿਸ਼ਾ ਕਮਿਸ਼ਨ ਦੀ ਕਹਾਣੀ ਸੀ, ਬਹੁਤ ਵੱਡੇ ਘਪਲੇ ਦੀ ਸਾਜਿਸ਼ ਸੀ। ਇਹ ਪੂਰਾ ਮਾਮਲਾ 2007 ਤੋਂ 2012 ਦਰਮਿਆਨ ਹੋਇਆ। ਇਹ ਭ੍ਰਿਸ਼ਟਾਚਾਰ ਕਾਂਗਰਸ ਸਰਕਾਰ ਦੇ ਕਾਰਜਕਾਲ ’ਚ ਹੋਇਆ। ਫਰਾਂਸ ਦੇ ਇਕ ਮੀਡੀਆ ਕਰਮੀ ਸੰਸਥਾ ਨੇ ਕੁਝ ਸਮੇਂ ਪਹਿਲਾਂ ਇਹ ਖੁਲਾਸਾ ਕੀਤਾ ਕਿ ਰਾਫੇਲ ’ਚ ਭ੍ਰਿਸ਼ਟਾਚਾਰ ਹੋਇਆ ਸੀ।’’
ਇਹ ਵੀ ਪੜ੍ਹੋ : ਰਿਵਾਇਤੀ ਪਹਿਰਾਏ 'ਚ ਨੰਗੇ ਪੈਰੀਂ ਪਦਮ ਸ਼੍ਰੀ ਲੈਣ ਪਹੁੰਚੀ ਤੁਲਸੀ ਗੌੜਾ, PM ਮੋਦੀ ਨੇ ਕੀਤਾ ਨਮਨ
ਸੰਬਿਤ ਪਾਤਰਾ ਨੇ ਕਿਹਾ,‘‘2007 ਤੋਂ 2012 ਦਰਮਿਆਨ ਰਾਫ਼ੇਲ ’ਚ ਇਹ ਕਮਿਸ਼ਨਖੋਰੀ ਹੋਈ ਹੈ, ਜਿਸ ’ਚ ਵਿਚੋਲਾ ਕੋਈ ਨਵਾਂ ਖਿਡਾਰੀ ਨਹੀਂ ਹੈ। ਇਹ ਪੁਰਾਣਾ ਖਿਡਾਰੀ ਹੈ, ਜਿਸ ਨੂੰ ‘ਅਗਸਤਾ ਵੈਸਟਲੈਂਡ’ ਮਾਮਲੇ ਦਾ ‘ਕਿੰਗਪਿਨ’ ਮੰਨਿਆ ਜਾਂਦਾ ਹੈ। ਸੁਸ਼ੇਨ ਗੁਪਤਾ ਅਗਸਤ ਵੈਸਟਲੈਂਡ ’ਚ ਵਿਚੋਲੀਆ ਸੀ, ਉਹ 2017 ਤੋਂ 2012 ਦਰਮਿਆਨ ਰਾਫੇਲ ਸੌਦੇ ਦੇ ਰਿਸ਼ਵਤ ’ਚ ਵੀ ਸ਼ਾਮਲ ਸੀ, ਅਜਿਹਾ ਇਤੇਫਾਕ ਹਮੇਸ਼ਾ ਹਕੀਕਤ ਹੁੰਦਾ ਹੈ। ਉਨ੍ਹਾਂ ਕਿਹਾ,‘‘ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸ਼ਾਇਦ ਹਿੰਦੁਸਤਾਨ ’ਚ ਨਹੀਂ ਹਨ। ਉਹ ਇਟਲੀ ’ਚ ਹਨ। ਇਟਲੀ ਤੋਂ ਉਹ ਇਸ ਭ੍ਰਿਸ਼ਟਾਚਾਰ ਬਾਰੇ ਜਵਾਬ ਦੇਣ। ਕਾਂਗਰਸ ਨੇ ਭਰਮ ਫੈਲਾ ਕੇ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਦੇਸ਼ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਹੁਣ ਸੱਚ ਸਾਹਮਣੇ ਆ ਗਿਆ ਹੈ ਇਸ ਸੌਦੇ ’ਚ ਭ੍ਰਿਸ਼ਟਾਚਾਰ ਉਨ੍ਹਾਂ ਦੀ ਸਰਕਾਰ ਦੇ ਕਾਰਜਕਾਲ ’ਚ ਹੋਇਆ।’’ ਭਾਜਪਾ ਬੁਲਾਰੇ ਨੇ ਕਿਹਾ ਕਿ 10 ਸਾਲਾਂ ਤੱਕ ਭਾਰਤੀ ਹਵਾਈ ਫ਼ੌਜ ਕੋਲ ਲੜਾਕੂ ਜਹਾਜ਼ ਨਹੀਂ ਸਨ। ਇੰਨੇ ਸਾਲਾਂ ਤੱਕ ਸਿਰਫ਼ ਸਮਝੌਤਾ ਕੀਤਾ ਗਿਆ ਅਤੇ ਸੌਦੇ ਨੂੰ ਅਟਕਾਏ ਰੱਖਿਆ ਗਿਆ। ਇਹ ਸਮਝੌਤਾ ਸਿਰਫ਼ ਕਮਿਸ਼ਨ ਲਈ ਅਟਕਾਈ ਰੱਖਿਆ ਗਿਆ। ਇਹ ਸਮਝੌਤਾ ਜਹਾਜ਼ ਲਈ ਨਹੀਂ ਹੋ ਰਿਹਾ ਸੀ ਸਗੋਂ ਕਮਿਸ਼ਨ ਲਈ ਹੋ ਰਿਹਾ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ