ਉੱਤਰ ਪ੍ਰਦੇਸ਼ ''ਚ ਹੈ ਗੁੰਡਾ ਰਾਜ : ਰਾਹੁਲ ਗਾਂਧੀ
Friday, Jul 03, 2020 - 03:30 PM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ 'ਚ ਗੁੰਡਾ ਰਾਜ ਹੈ ਅਤੇ ਉੱਥੇ ਪੁਲਸ ਮੁਲਾਜ਼ਮ ਵੀ ਸੁਰੱਖਿਅਤ ਨਹੀਂ ਹਨ। ਰਾਹੁਲ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ,''ਉੱਤਰ ਪ੍ਰਦੇਸ਼ 'ਚ ਗੁੰਡਾਰਾਜ ਦਾ ਇਕ ਹੋਰ ਸਬੂਤ। ਜਦੋਂ ਪੁਲਸ ਸੁਰੱਖਿਅਤ ਨਹੀਂ ਤਾਂ ਜਨਤਾ ਕਿਵੇਂ ਹੋਵੇਗੀ। ਮੇਰੀ ਸੋਗ ਹਮਦਰਦੀ ਮਾਰੇ ਗਏ ਵੀਰ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਨਾਲ ਹੈ ਅਤੇ ਮੈਂ ਜ਼ਖਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ।'' ਕਾਂਗਰਸ ਨੇਤਾ ਨੇ ਇਹ ਟਿੱਪਣੀ ਕਾਨਪੁਰ 'ਚ ਬਦਮਾਸ਼ਾਂ ਨਾਲ ਮੁਕਾਬਲੇ 'ਚ 8 ਪੁਲਸ ਮੁਲਾਜ਼ਮਾਂ ਦੇ ਸ਼ਹੀਦ ਹੋਣ 'ਤੇ ਕੀਤੀ ਹੈ।
ਦੱਸਣਯੋਗ ਹੈ ਕਿ ਕਾਨਪੁਰ 'ਚ ਅਪਰਾਧੀਆਂ ਨਾਲ ਮੁਕਾਬਲੇ 'ਚ ਇਕ ਪੁਲਸ ਡਿਪਟੀ ਸੁਪਰਡੈਂਟ ਸਮੇਤ 8 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ ਅਤੇ 8 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ ਹਨ, ਜਦੋਂ ਕਿ 2 ਅਪਰਾਧੀ ਵੀ ਇਸ ਦੌਰਾਨ ਮਾਰੇ ਗਏ। ਪੁਲਸ ਨੇ ਦੱਸਿਆ ਕਿ ਇਹ ਮੁਕਾਬਲਾ ਉਸ ਸਮੇਂ ਹੋਇਆ, ਜਦੋਂ ਪੁਲਸ ਦੀ ਇਕ ਟੀਮ ਅਪਰਾਧੀ ਵਿਕਾਸ ਦੁਬੇ ਨੂੰ ਫੜਨ ਲਈ ਵੀਰਵਾਰ ਦੇਰ ਰਾਤ ਚੌਬੇਪੁਰ ਥਾਣੇ ਦੇ ਦਿਕਰੂ ਪਿੰਡ ਗਈ। ਦੁਬੇ ਵਿਰੁੱਧ 60 ਅਪਰਾਧਕ ਮਾਮਲੇ ਦਰਜ ਹਨ।