ਕਾਂਗਰਸ ਦੇ ਕਈ ਨੇਤਾ ਹੋ ਸਕਦੇ ਹਨ ਰਾਹੁਲ ਦੇ ਗੁੱਸੇ ਦਾ ਸ਼ਿਕਾਰ

05/27/2019 11:20:13 AM

ਨਵੀਂ ਦਿੱਲੀ— ਲੋਕ ਸਭਾ ਚੋਣਾਂ ਵਿਚ ਮਿਲੀ ਕਰਾਰੀ ਹਾਰ ਤੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣੇ ਕੁਝ ਨੇਤਾਵਾਂ ਨਾਲ ਬੇਹੱਦ ਨਾਰਾਜ਼ ਦੱਸੇ ਜਾ ਰਹੇ ਹਨ। ਕੁਝ ਦਾ ਨਾਂ ਤਾਂ ਉਨ੍ਹਾਂ ਨੇ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿਚ ਲੈਂਦੇ ਹੋਏ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਸੀ। ਉਨ੍ਹਾਂ ਕਿਹਾ ਕਿ ਆਗੂਆਂ ਦੇ ਪੁੱਤਰ ਮੋਹ ਕਾਰਣ ਕਾਂਗਰਸ ਦੀ ਕਰਾਰੀ ਹਾਰ ਹੋਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਰਾਹੁਲ ਜਲਦੀ ਹੀ ਸੰਗਠਨਾਤਮਕ ਬਦਲਾਵਾਂ ਦੇ ਮੱਦੇਨਜ਼ਰ ਵੱਡੇ ਅਤੇ ਸਖਤ ਫੈਸਲੇ ਲੈ ਸਕਦੇ ਹਨ।

ਸੂਤਰ ਦੱਸ ਰਹੇ ਹਨ ਕਿ ਰਾਹੁਲ ਦੀ ਸਭ ਤੋਂ ਜ਼ਿਆਦਾ ਨਾਰਾਜ਼ਗੀ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀਆਂ ਨਾਲ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਪੂਰੇ ਸੂਬੇ ਨੂੰ ਛੱਡ ਕੇ ਇਥੇ ਖੁਦ ਅਤੇ ਆਪਣੇ ਬੇਟੇ ਦੀ ਚੋਣ ਵਿਚ ਰੁੱਝੇ ਰਹੇ ਉਥੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਪੂਰੇ ਸੂਬੇ ਦੀ ਚੋਣ ਛੱਡ ਕੇ ਆਪਣੇ ਪੁੱਤਰ ਨੂੰ ਜਿਤਾਉਣ ਦੀ ਤਾਕ ਵਿਚ ਲੱਗੇ ਰਹੇ। ਇਸੇ ਤਰ੍ਹਾਂ ਤਾਮਿਲਨਾਡੂ ਵਿਚ ਵੀ. ਪੀ. ਚਿਦਾਂਬਰਮ ਵੀ ਆਪਣੇ ਪੁੱਤਰ ਦੀ ਚੋਣ ਤਕ ਹੀ ਸੀਮਤ ਦਿਸੇ। ਸੂਬੇ ਦੇ ਬਾਕੀ ਹਿੱਸੇ ਵਿਚ ਪ੍ਰਚਾਰ ਕਰਦੇ ਨਹੀਂ ਦਿਸੇ। ਸੂਤਰ ਦੱਸ ਰਹੇ ਹਨ ਕਿ ਰਾਹੁਲ ਨੇ ਵਰਕਿੰਗ ਕਮੇਟੀ ਦੀ ਬੈਠਕ ਵਿਚ ਇਨ੍ਹਾਂ ਤਿੰਨਾਂ ਦਾ ਨਾਂ ਲੈ ਕੇ ਕਿਹਾ ਸੀ ਕਿ ਦਬਾਅ ਬਣਾ ਕੇ ਪੁੱਤਰਾਂ ਨੂੰ ਟਿਕਟ ਦਿਵਾਈ ਫਿਰ ਉਥੋਂ ਤਕ ਸੀਮਤ ਰਹਿ ਗਏ, ਬਾਕੀ ਸੰਸਦੀ ਸੀਟਾਂ 'ਚ ਧਿਆਨ ਨਹੀਂ ਦਿੱਤਾ।

ਸੂਤਰਾਂ ਅਨੁਸਾਰ ਰਾਹੁਲ ਨੇ ਇਸ ਗੱਲੋਂ ਵੀ ਨਾਰਾਜ਼ਗੀ ਪ੍ਰਗਟ ਕੀਤੀ ਕਿ ਪਾਰਟੀ ਵਲੋਂ ਜਿਨ੍ਹਾਂ ਮੁੱਦਿਆਂ ਨੂੰ ਚੋਣ ਪ੍ਰਚਾਰ ਲਈ ਲਿਆ ਗਿਆ ਉਸ ਨੂੰ ਆਮ ਲੋਕਾਂ ਦਰਮਿਆਨ ਠੀਕ ਤਰ੍ਹਾਂ ਪਹੁੰਚਾਇਆ ਨਹੀਂ ਗਿਆ। ਚਾਹੇ ਰਾਫੇਲ ਸੌਦੇ ਦੇ ਭ੍ਰਿਸ਼ਟਾਚਾਰ ਦਾ ਮੁੱਦਾ ਰਿਹਾ ਹੋਵੇ ਜਾਂ ਫਿਰ 72,000 ਰੁਪਏ ਸਾਲਾਨਾ ਦੀ 'ਨਿਆਯ ਯੋਜਨਾ'। ਇਨ੍ਹਾਂ ਮੁੱਦਿਆਂ ਨੂੰ ਜ਼ਮੀਨੀ ਪੱਧਰ 'ਤੇ ਲੈ ਕੇ ਜਾਣ 'ਤੇ ਸਫਲਤਾ ਨਹੀਂ ਮਿਲ ਸਕੀ। ਜਿਸ ਦੀ ਜ਼ਿੰਮੇਵਾਰੀ ਸੰਗਠਨ ਦੇ ਪ੍ਰਮੁੱਖ ਅਹੁਦੇਦਾਰਾਂ ਦੀ ਸੀ। ਬੈਠਕ ਵਿਚ ਮੌਜੂਦ ਰਹੇ ਇਕ ਨੇਤਾ ਨੇ ਦੱਸਿਆ ਕਿ ਰਾਹੁਲ ਨੇ ਨੇਤਾਵਾਂ ਦੇ ਵੰਸ਼ਵਾਦ 'ਤੇ ਸਵਾਲ ਉਠਾਉਣ ਦੇ ਨਾਲ ਹੀ ਖਿਝ ਕੇ ਆਪਣੇ ਅਸਤੀਫੇ ਦੀ ਵੀ ਗੱਲ ਕਹੀ ਸੀ ਤਾਂ ਕਿ ਉਨ੍ਹਾਂ 'ਤੇ ਵੀ ਵੰਸ਼ਵਾਦ ਦਾ ਦੋਸ਼ ਨਾ ਲੱਗੇ ਪਰ ਪਾਰਟੀ ਦੇ ਸੀਨੀਅਰ ਨੇਤਾਵਾਂ ਖਾਸ ਕਰ ਸੋਨੀਆ ਗਾਂਧੀ, ਅਹਿਮਦ ਪਟੇਲ, ਪੀ. ਚਿਦਾਂਬਰਮ ਅਤੇ ਪ੍ਰਿਯੰਕਾ ਗਾਂਧੀ ਨੇ ਉਨ੍ਹਾਂ ਨੂੰ ਰੋਕਿਆ। ਪ੍ਰਿਯੰਕਾ ਨੇ ਤਾਂ ਇਥੋਂ ਤਕ ਕਹਿ ਦਿੱਤਾ ਇਹੀ ਤਾਂ ਭਾਜਪਾ ਚਾਹੁੰਦੀ ਹੈ। ਰਾਹੁਲ ਅਸਤੀਫਾ ਦਿੰਦੇ ਹਨ ਤਾਂ ਭਾਜਪਾ ਦੀ ਚਾਲ ਸਫਲ ਹੋ ਜਾਵੇਗੀ।


DIsha

Content Editor

Related News