ਚੀਨ ਨਾਲ ਸਰਹੱਦ ''ਤੇ ਹਾਲਾਤ ਬਾਰੇ ਦੇਸ਼ ਨੂੰ ਜਾਣੂੰ ਕਰਵਾਏ ਸਰਕਾਰ : ਰਾਹੁਲ ਗਾਂਧੀ
Friday, May 29, 2020 - 12:34 PM (IST)

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੀਨ ਨਾਲ ਸਰਹੱਦ 'ਤੇ ਮੌਜੂਦ ਹਾਲਾਤ ਨੂੰ ਲੈ ਕੇ ਸਰਕਾਰ ਦੀ ਚੁੱਪੀ 'ਤੇ ਅਟਕਲਾਂ ਨੂੰ ਜ਼ੋਰ ਮਿਲ ਰਿਹਾ ਹੈ ਅਤੇ ਅਜਿਹੇ 'ਚ ਸਰਕਾਰ ਨੂੰ ਸਹੀ ਸਥਿਤੀ ਬਾਰੇ ਦੇਸ਼ ਨੂੰ ਦੱਸਣਾ ਚਾਹੀਦਾ। ਉਨ੍ਹਾਂ ਨੇ ਟਵੀਟ ਕੀਤਾ,''ਚੀਨ ਨਾਲ ਸਰਹੱਦ 'ਤੇ ਹਾਲਾਤ ਨੂੰ ਲੈ ਕੇ ਸਰਕਾਰ ਦੀ ਚੁੱਪੀ ਨਾਲ ਸੰਕਟ ਦੇ ਸਮੇਂ ਵੱਡੇ ਪੈਮਾਨੇ 'ਤੇ ਅਟਕਲਾਂ ਅਤੇ ਬੇਨਿਯਮੀ ਨੂੰ ਜ਼ੋਰ ਮਿਲ ਰਿਹਾ ਹੈ।''
ਰਾਹੁਲ ਗਾਂਧੀ ਨੇ ਕਿਹਾ,''ਸਰਕਾਰ ਨੂੰ ਸਾਹਮਣੇ ਆ ਕੇ ਸਪੱਸ਼ਟ ਕਰਨਾ ਚਾਹੀਦਾ ਹੈ ਅਤੇ ਜੋ ਹੋ ਰਿਹਾ ਹੈ ਉਸ ਬਾਰੇ ਭਾਰਤ ਨੂੰ ਦੱਸਣਾ ਚਾਹੀਦਾ।'' ਕੁਝ ਦਿਨ ਪਹਿਲਾਂ ਹੀ ਕਾਂਗਰਸ ਨੇਤਾ ਨੇ ਕਿਹਾ ਸੀ ਕਿ ਭਾਰਤ-ਚੀਨ ਸਰਹੱਦ 'ਤੇ ਮੌਜੂਦਾ ਗਤੀਰੋਧ ਨੂੰ ਲੈ ਕੇ ਪਾਰਦਰਸ਼ਤਾ ਦੀ ਜ਼ਰੂਰਤ ਹੈ। ਦੱਸਣਯੋਗ ਹੈ ਕਿ ਪੂਰਬੀ ਲੱਦਾਖ 'ਚ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ, ਜਦੋਂ ਕਰੀਬ 250 ਚੀਨੀ ਅਤੇ ਭਾਰਤੀ ਫੌਜੀਆਂ ਦਰਮਿਆਨ 5 ਮਈ ਨੂੰ ਝੜਪ ਹੋ ਗਈ ਅਤੇ ਇਸ ਤੋਂ ਬਾਅਦ ਸਥਾਨਕ ਕਮਾਂਡਰ ਦਰਮਿਆਨ ਬੈਠਕ ਤੋਂ ਬਾਅਦ ਦੋਹਾਂ ਪੱਖਾਂ 'ਚ ਕੁਝ ਸਹਿਮਤੀ ਬਣ ਸਕੀ। ਇਸ ਘਟਨਾ 'ਚ ਭਾਰਤੀ ਅਤੇ ਚੀਨੀ ਪੱਖ ਦੇ 100 ਫੌਜੀ ਜ਼ਖਮੀ ਹੋ ਗਏ ਸਨ। ਇਸ ਘਟਨਾ 'ਤੇ ਚੀਨ ਨੇ ਸਖਤ ਪ੍ਰਤੀਕਿਰਿਆ ਜ਼ਾਹਰ ਕੀਤੀ ਸੀ। 9 ਮਈ ਨੂੰ ਉੱਤਰੀ ਸਿੱਕਮ 'ਚ ਵੀ ਅਜਿਹੀ ਹੀ ਘਟਨਾ ਸਾਹਮਣੇ ਆਈ ਸੀ।