50 ਸਾਲ ਦੇ ਹੋਏ ਰਾਹੁਲ ਗਾਂਧੀ, ਸ਼ਹੀਦਾਂ ਦੇ ਸਨਮਾਨ ''ਚ ਨਹੀਂ ਮਨਾਉਣਗੇ ਜਨਮ ਦਿਨ

Friday, Jun 19, 2020 - 11:59 AM (IST)

50 ਸਾਲ ਦੇ ਹੋਏ ਰਾਹੁਲ ਗਾਂਧੀ, ਸ਼ਹੀਦਾਂ ਦੇ ਸਨਮਾਨ ''ਚ ਨਹੀਂ ਮਨਾਉਣਗੇ ਜਨਮ ਦਿਨ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅੱਜ ਯਾਨੀ ਸ਼ੁੱਕਰਵਾਰ ਨੂੰ 50 ਸਾਲ ਦੇ ਹੋ ਗਏ ਹਨ। ਹਾਲਾਂਕਿ ਇਸ ਵਾਰ ਉਹ ਆਪਣਾ ਜਨਮ ਦਿਨ ਨਹੀਂ ਮਨ੍ਹਾ ਰਹੇ ਹਨ। ਦਰਅਸਲ ਰਾਹੁਲ ਗਾਂਧੀ ਨੇ ਲੱਦਾਖ ਦੀ ਗਲਵਾਨ ਘਾਟੀ 'ਚ ਸ਼ਹੀਦ ਹੋਏ ਜਵਾਨਾਂ ਦੇ ਸਨਮਾਨ 'ਚ ਇਸ ਵਾਰ ਆਪਣਾ ਜਨਮ ਦਿਨ ਨਹੀਂ ਮਨਾਉਣ ਦਾ ਫੈਸਲਾ ਕੀਤਾ ਹੈ। ਪਾਰਟੀ ਸੂਤਰਾਂ ਅਨੁਸਾਰ ਰਾਹੁਲ ਗਾਂਧੀ ਦੀ ਇੱਛਾ ਅਨੁਸਾਰ ਪਾਰਟੀ ਹਾਈ ਕਮਾਨ ਨੇ ਸਾਰੇ ਪ੍ਰਦੇਸ਼, ਜ਼ਿਲ੍ਹਾ ਅਤੇ ਬਲਾਕ ਇਕਾਈਆਂ ਨੂੰ ਨਿਰਦੇਸ਼ ਦਿੱਤਾ ਹੈ ਕਿ 19 ਜੂਨ ਨੂੰ ਕਾਂਗਰਸ ਦੇ ਨੇਤਾ ਅਤੇ ਵਰਕਰ ਰਾਹੁਲ ਗਾਂਧੀ ਦੇ ਜਨਮ ਦਿਨ 'ਤੇ ਕਿਤੇ ਵੀ ਕੇਕ ਨਾ ਕੱਟਣ ਅਤੇ ਨਾਅਰੇਬਾਜ਼ੀ ਨਾ ਕਰਨ।

ਕਾਂਗਰਸ ਦੇ ਇਕ ਸੂਤਰ ਨੇ ਦੱਸਿਆ ਕਿ ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਨੂੰਗੋਪਾਲ ਵਲੋਂ ਪ੍ਰਦੇਸ਼ ਪ੍ਰਧਾਨਾਂ, ਇੰਚਾਰਜਾਂ, ਵਿਧਾਇਕ ਦਲ ਦੇ ਨੇਤਾਵਾਂ, ਪਾਰਟੀ ਦੇ ਮੋਰਚਾ ਸੰਗਠਨਾਂ ਅਤੇ ਵਿਭਾਗਾਂ ਨੂੰ ਭੇਜੇ ਗਏ ਪੱਤਰ 'ਚ ਕਿਹਾ ਗਿਆ ਕਿ ਸ਼ੁੱਕਰਵਾਰ ਨੂੰ ਨੇਤਾ ਅਤੇ ਵਰਕਰ ਗਲਵਾਨ ਘਾਟੀ 'ਚ ਸ਼ਹੀਦ ਹੋਏ ਜਵਾਨਾਂ ਦੇ ਸਨਮਾਨ 'ਚ 2 ਮਿੰਟ ਦਾ ਮੌਨ ਰੱਖਣ।

ਇਸ ਦੇ ਨਾਲ ਹੀ ਪਾਰਟੀ ਨੇ ਇਹ ਵੀ ਕਿਹਾ ਕਿ ਕੋਰੋਨਾ ਆਫ਼ਤ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਗਰੀਬਾਂ ਤੱਕ ਵੱਧ ਤੋਂ ਵੱਧ ਮਦਦ ਪਹੁੰਚਾਈ ਜਾਵੇ। ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਅਤੇ ਕਾਂਗਰਸ ਦੀ ਮੌਜੂਦਾ ਪ੍ਰਧਾਨ ਸੋਨੀਆ ਗਾਂਧੀ ਦੇ ਬੇਟੇ ਰਾਹੁਲ ਗਾਂਧੀ ਦਾ ਜਨਮ 19 ਜੂਨ 1970 ਨੂੰ ਹੋਇਆ ਸੀ। ਉਨ੍ਹਾਂ ਨੇ ਸਾਲ 2004 'ਚ ਰਾਜਨੀਤੀ 'ਚ ਕਦਮ ਰੱਖਿਆ ਸੀ।


author

DIsha

Content Editor

Related News