Airport ਨਿੱਜੀ ਹੱਥਾਂ 'ਚ ਦੇਣ 'ਤੇ ਕਾਂਗਰਸ ਦਾ ਸਰਕਾਰ 'ਤੇ ਤਿੱਖਾ ਹਮਲਾ
Monday, Jul 29, 2019 - 08:42 AM (IST)

ਨਵੀਂ ਦਿੱਲੀ— ਹਵਾਈ ਅੱਡੇ ਨਿੱਜੀ ਹੱਥਾਂ 'ਚ ਸੌਂਪਣ ਦੀ ਪ੍ਰਕਿਰਿਆ ਨੂੰ ਲੈ ਕੇ ਕਾਂਗਰਸ ਨੇ ਨਰਿੰਦਰ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਕੀਤਾ ਹੈ ਤੇ ਨਾਲ ਹੀ ਗੰਭੀਰ ਦੋਸ਼ ਲਗਾਏ ਹਨ। ਕਾਂਗਰਸ ਦਾ ਕਹਿਣਾ ਹੈ ਕਿ ਇਸ ਪੂਰੀ ਕਵਾਇਦ ਦਾ ਫਾਇਦਾ ਅਡਾਣੀ ਗਰੁੱਪ ਨੂੰ ਦਿੱਤਾ ਜਾ ਰਿਹਾ ਹੈ। 'ਦਿ ਹਿੰਦੂ' ਦੀ ਰਿਪੋਰਟ ਮਗਰੋਂ ਕਾਂਗਰਸ ਪਾਰਟੀ ਨੇ ਸਰਕਾਰ 'ਤੇ ਹਮਲਾ ਕੀਤਾ ਹੈ।
ਕਾਂਗਰਸ ਪਾਰਟੀ ਨੇ ਕਿਹਾ ਕਿ ਸਰਕਾਰ ਨੇ ਹਵਾਈ ਅੱਡੇ ਨਿੱਜੀ ਹੱਥਾਂ 'ਚ ਸੌਂਪਣ ਲਈ ਨੀਤੀ ਆਯੋਗ ਅਤੇ ਵਿੱਤ ਮੰਤਰਾਲਾ ਦੀਆਂ ਉਨ੍ਹਾਂ ਸਿਫਾਰਸ਼ਾਂ ਦੀ ਅਣਦੇਖੀ ਕੀਤੀ ਹੈ, ਜਿਸ ਮੁਤਾਬਕ ਕਿਸੇ ਨਿੱਜੀ ਗਰੁੱਪ ਨੂੰ ਦੋ ਤੋਂ ਵੱਧ ਹਵਾਈ ਅੱਡੇ ਨਹੀਂ ਦਿੱਤੇ ਜਾ ਸਕਦੇ।
ਕਾਂਗਰਸ ਪਾਰਟੀ ਦੇ ਬੁਲਾਰੇ ਪਵਨ ਖੇੜਾ ਨੇ ਕਿਹਾ ਕਿ ਮੌਜੂਦਾ ਸਮੇਂ ਦੇਸ਼ 'ਚ 123 ਹਵਾਈ ਅੱਡੇ ਚੱਲ ਰਹੇ ਹਨ ਅਤੇ ਇਨ੍ਹਾਂ 'ਚੋਂ ਸਿਰਫ 14 ਹੀ ਮੁਨਾਫਾ ਕਮਾ ਰਹੇ ਹਨ, ਜਦੋਂ ਕਿ ਹੋਰ ਹਵਾਈ ਅੱਡੇ ਨੁਕਸਾਨ 'ਚ ਹਨ। ਕਾਂਗਰਸ ਨੇ ਦੋਸ਼ ਲਾਇਆ ਕਿ ਜਿਹੜੇ 14 ਹਵਾਈ ਅੱਡੇ ਮੁਨਾਫੇ 'ਚ ਚੱਲ ਰਹੇ ਹਨ, ਉਨ੍ਹਾਂ 'ਚੋਂ ਪੰਜ ਅਡਾਣੀ ਗਰੁੱਪ ਨੂੰ ਦੇ ਦਿੱਤੇ ਗਏ ਹਨ। ਕਾਂਗਰਸ ਨੇ ਦੋਸ਼ ਲਾਇਆ ਕਿ ਸਰਕਾਰ ਨਿੱਜੀ ਕੰਪਨੀਆਂ ਨੂੰ ਫਾਇਦਾ ਪਹੁੰਚਾ ਰਹੀ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਹਵਾਈ ਅੱਡਾ ਅਥਾਰਟੀ ਵੱਲੋਂ ਆਯੋਜਿਤ ਬੋਲੀ ਪ੍ਰਕਿਰਿਆ 'ਚ ਅਡਾਣੀ ਇੰਟਰਪ੍ਰਾਈਜਜ਼ ਲਿਮਟਿਡ ਸਭ ਤੋਂ ਵੱਡੀ ਬੋਲੀਦਾਤਾ ਸੀ। ਪਵਨ ਖੇੜਾ ਨੇ ਕਿਹਾ ਕਿ ਭਾਵੇਂ ਹੀ ਇਸ ਟੈਂਡਰਿੰਗ ਪ੍ਰੋਸੈੱਸ 'ਚ ਅਡਾਣੀ ਗਰੁੱਪ ਸਭ ਤੋਂ ਵੱਧ ਬੋਲੀ ਲਾਉਣ ਵਾਲੀ ਕੰਪਨੀ ਸੀ ਪਰ ਵਿੱਤ ਮੰਤਰਾਲਾ ਦੇ ਆਰਥਿਕ ਮਾਮਲਾ ਵਿਭਾਗ (ਡੀ. ਈ. ਏ.) ਨੇ ਇਕ ਲਿਮਟ ਦੀ ਸਿਫਾਰਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ, ਯੂ. ਪੀ. ਏ. ਸ਼ਾਸਨਕਾਲ ਦੌਰਾਨ ਜੀ. ਐੱਮ. ਆਰ ਕੰਪਨੀ ਨੇ ਦਿੱਲੀ ਅਤੇ ਮੁੰਬਈ ਦੋਹਾਂ ਲਈ ਕੁਆਲੀਫਾਈ ਕੀਤਾ ਸੀ ਪਰ ਇਹ ਫੈਸਲਾ ਲਿਆ ਗਿਆ ਸੀ ਕਿ ਇਕ ਗਰੁੱਪ ਨੂੰ ਇਕ ਤੋਂ ਵੱਧ ਏਅਰਪੋਰਟ ਨਹੀਂ ਦਿੱਤੇ ਜਾਣਗੇ। ਇੱਥੇ ਵੀ ਡੀ. ਈ. ਏ. ਨੇ ਸੁਝਾਅ ਦਿੱਤਾ ਸੀ ਕਿ ਕਿਸੇ ਵੀ ਕੰਪਨੀ ਨੂੰ ਦੋ ਤੋਂ ਵੱਧ ਏਅਰਪੋਰਟ ਨਾ ਦਿੱਤੇ ਜਾਣ ਪਰ ਸਰਕਾਰ ਨੇ ਇਨ੍ਹਾਂ ਸਿਫਾਰਸ਼ਾਂ ਨੂੰ ਦਰਕਿਨਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਹ ਜਾਣਨਾ ਚਾਹੁੰਦੀ ਹੈ ਸਰਕਾਰ ਨੇ ਅਜਿਹਾ ਕਿਉਂ ਕੀਤਾ?