ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਖ਼ੁਦ ਨੂੰ ਕੀਤਾ ਇਕਾਂਤਵਾਸ; ਰਸੋਈਏ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ
Tuesday, Sep 15, 2020 - 04:57 PM (IST)
ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ। ਗਾਂਧੀ ਪਰਿਵਾਰ ਦੇ ਸੀਨੀਅਰ ਸੂਤਰਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਉਨ੍ਹਾਂ ਦਾ ਕੁੱਕ (ਰਸੋਈਆ) ਕੋਵਿਡ-19 ਪਾਜ਼ੇਟਿਵ ਪਾਇਆ ਹੈ, ਉਨ੍ਹਾਂ ਨੂੰ 21 ਸਤੰਬਰ ਤੱਕ ਹੋਮ ਕੁਆਰੰਟੀਨ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਸ ਕਾਰਨ ਪ੍ਰਿਯੰਕਾ ਨੂੰ ਆਪਣੀ ਮਾਂ ਸੋਨੀਆ ਗਾਂਧੀ ਨਾਲ ਸੰਯੁਕਤ ਰਾਜ ਅਮਰੀਕਾ ਜਾਣ ਦੀ ਯੋਜਨਾ ਰੱਦ ਕਰਨੀ ਪਈ। ਆਖਰੀ ਸਮੇਂ ਰਾਹੁਲ ਗਾਂਧੀ ਨੂੰ ਆਪਣੀ ਮਾਂ ਸੋਨੀਆ ਦੇ ਸਾਲਾਨਾ ਚੈੱਕਅਪ ਲਈ ਅਮਰੀਕਾ ਜਾਣਾ ਪਿਆ। ਜਿਸ ਕਾਰਨ ਰਾਹੁਲ ਗਾਂਧੀ ਨੂੰ ਸੰਸਦ ਦਾ ਮਾਨਸੂਨ ਸੈਸ਼ਨ ਛੱਡਣਾ ਪਿਆ।
ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਪ੍ਰਿਯੰਕਾ ਜਲਦ ਹੀ ਆਪਣੇ ਗੁਰੂਗ੍ਰਾਮ ਸਥਿਤ ਘਰੋਂ ਨਿਕਲ ਕੇ ਦਿੱਲੀ ਵਾਲੇ ਫਲੈਟ 'ਚ ਸ਼ਿਫਟ ਹੋ ਜਾਵੇਗੀ। ਉਸ ਦਾ ਨਵਾਂ ਪਤਾ ਖਾਨ ਮਾਰਕੀਟ ਕੋਲ ਅੰਬੈਸਡਰ ਹੋਟਲ ਦੇ ਸਾਹਮਣੇ ਸੁਜਾਨ ਸਿੰਘ ਪਾਰਕ 'ਚ ਇਕ ਡੁਪਲੈਕਸ ਅਪਰਾਟਮੈਂਟ ਹੋਵੇਗਾ। ਇਸ ਕੰਪਲੈਕਸ ਦਾ ਨਿਰਮਾਣ ਲੇਖਕ-ਸੰਪਾਦਕ ਖੁਸ਼ਵੰਤ ਸਿੰਘ ਦੇ ਪਿਤਾ ਸਰ ਸੋਭਾ ਸਿੰਘ ਨੇ ਕੀਤਾ ਸੀ। ਪ੍ਰਿਯੰਕਾ ਅਪਾਰਟਮੈਂਟ 'ਚ ਕਿਰਾਏਦਾਰ ਦੇ ਰੂਪ 'ਚ ਰਹੇਗੀ। ਇਹ ਪਤਾ ਲੱਗਾ ਹੈ ਕਿ ਰਾਹੁਲ ਗਾਂਧੀ ਸੰਯੁਕਤ ਰਾਜ ਅਮਰੀਕਾ ਤੋਂ ਜਲਦੀ ਆਉਣਗੇ, ਜਦੋਂ ਕਿ ਸੋਨੀਆ ਗਾਂਧੀ ਉੱਥੇ ਰਹੇਗੀ ਅਤੇ ਬਾਅਦ 'ਚ ਪ੍ਰਿਯੰਕਾ ਗਾਂਧੀ ਨੂੰ ਮਿਲੇਗੀ।