ਸਿਆਸੀ ਅਗਿਆਤਵਾਸ ਤੋਂ ਬਾਹਰ ਆਏ ਖੜਗੇ ਕਾਂਗਰਸ ਨੂੰ ਕਰ ਪਾਉਣਗੇ ਸੁਰਜੀਤ!

Friday, Nov 25, 2022 - 11:45 AM (IST)

ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਤੋਂ ‘ਕਾਂਗਰਸ ਮੁਕਤ ਭਾਰਤ’ ਬਣਾਉਣ ਲਈ ਇਕ ਅਣਥਕ ਮੁਹਿੰਮ ਸ਼ੁਰੂ ਕੀਤੀ। ਹਾਲਾਂਕਿ ਉਨ੍ਹਾਂ ਦੀ ਮੁਹਿੰਮ 2022 ’ਚ ਅੰਸ਼ਕ ਤੌਰ ’ਤੇ ਸਫਲ ਰਹੀ ਕਿਉਂਕਿ ਪਾਰਟੀ ‘ਗਾਂਧੀ ਮੁਕਤ ਕਾਂਗਰਸ’ ਬਣ ਗਈ ਜਦ ਮਲਿਕਅਰਜੁਨ ਖੜਗੇ ਨੇ ਪਾਰਟੀ ਪ੍ਰਧਾਨ ਦੇ ਰੂਪ ’ਚ ਇਸ ਦੀ ਵਾਗਡੋਰ ਸੰਭਾਲੀ। ਵਿਵਹਾਰਕ ਤੌਰ ’ਤੇ ਕਾਂਗਰਸ ਨੂੰ ‘ਗਾਂਧੀ ਮੁਕਤ’ ਬਣਾਉਣ ’ਚ ਵੱਧ ਸਮਾਂ ਲੱਗੇਗਾ ਕਿਉਂਕਿ ਸੋਨੀਆ ਗਾਂਧੀ ਯੂ. ਪੀ. ਏ. ਦੀ ਪ੍ਰਧਾਨ ਬਣੀ ਹੋਈ ਹੈ ਅਤੇ ਹੋਰ 2 ਗਾਂਧੀ 47 ਮੈਂਬਰੀ ਸੰਚਾਲਨ ਕਮੇਟੀ ਦਾ ਹਿੱਸਾ ਹਨ।

ਪ੍ਰਿਯੰਕਾ ਗਾਂਧੀ ਵਢੇਰਾ ਪਾਰਟੀ ਦੀ ਜਨਰਲ ਸਕੱਤਰ ਅਤੇ ਹਿਮਾਚਲ ’ਚ ਸਟਾਰ ਪ੍ਰਚਾਰਕ ਰਹੀ ਹੈ। ਖੜਗੇ ਕੋਲ ਕਾਂਗਰਸ ਦੀ ਮਸ਼ੀਨਰੀ ਨੂੰ ਮਜ਼ਬੂਤ ਕਰ ਕੇ ਹਿਮਾਚਲ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ ਜਿੱਤਣ ਤੇ ਇਨ੍ਹਾਂ ਸੂਬਿਆਂ ’ਚ ਭਾਜਪਾ ਵਿਰੁੱਧ ਸੱਤਾ ਵਿਰੋਧੀ ਲਹਿਰ ਦਾ ਫਾਇਦਾ ਉਠਾਉਣ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਨੂੰ ਰਾਜਸਥਾਨ ਦੀ ਪਹੇਲੀ ਨੂੰ ਵੀ ਸੁਲਝਾਉਣਾ ਪਵੇਗਾ, ਜਿਥੇ ਹਾਈਕਮਾਨ ਦੇ ਹੁਕਮ ਦੀ ਉਲੰਘਣਾ ਕੀਤੀ ਗਈ। 80 ਸਾਲਾਂ ਦੀ ਉਮਰ ’ਚ ਖੜਗੇ ਨੌਜਵਾਨ ਪੀੜੀ ਦੇ ਵੋਟਰਾਂ ਨੂੰ ਪ੍ਰੇਰਿਤ ਨਹੀਂ ਕਰਦੇ ਹਨ ਪਰ ਉਨ੍ਹਾਂ ਨੂੰ ਇਕ ਖੁਸ਼ਕਿਸਮਤ ਨੇਤਾ ਮੰਨਿਆ ਜਾਂਦਾ ਹੈ, ਜਿਨ੍ਹਾਂ ਨੂੰ ਸੋਨੀਆ ਗਾਂਧੀ ਸਿਆਸੀ ਅਗਿਆਤਵਾਸ ਤੋਂ ਵਾਪਸ ਲਿਆਈ ਹੈ।

ਉਨ੍ਹਾਂ ਨੂੰ ਪਤਾ ਹੈ ਕਿ ਮੋਦੀ-ਅਮਿਤ ਸ਼ਾਹ ਦੀ ਜੋੜੀ ਅਟਲ-ਅਡਵਾਨੀ ਯੁੱਗ ਤੋਂ ਬਿਲਕੁੱਲ ਵੱਖ ਹੈ। ਅਟਲ-ਅਡਵਾਨੀ ਦੀ ਟੀਮ ਵਿਰੋਧੀ ਧਿਰ ਦੇ ਨੇਤਾਵਾਂ ਖਾਸ ਤੌਰ ’ਤੇ ਗਾਂਧੀ ਪਰਿਵਾਰ ਵਿਰੁੱਧ ਇਕ ਬਿੰਦੂ ਤੋਂ ਅੱਗੇ ਨਹੀਂ ਵਧੀ ਸਗੋਂ ਪ੍ਰਧਾਨ ਮੰਤਰੀ ਦੇ ਰੂਪ ’ਚ ਅਟਲ ਬਿਹਾਰੀ ਵਾਜਪੇਈ ਨੇ ਰਾਹੁਲ ਗਾਂਧੀ ਦੀ ਉਦੋਂ ਮਦਦ ਕੀਤੀ ਸੀ ਜਦ ਅਮਰੀਕਾ ਦੇ ਬੋਸਟਨ ਏਅਰਪੋਰਟ ’ਤੇ ਕੋਈ ਘਟਨਾ ਹੋਈ ਸੀ। ਇਸ ਦੇ ਉਲਟ ਮੋਦੀ-ਸਾਹ ਨੇ ਕਾਂਗਰਸ ਅਤੇ ਨਹਿਰੂ-ਗਾਂਧੀ ਪਰਿਵਾਰ ਵਿਰੁੱਧ ਇਕ ਸਖਤ ਨੀਤੀ ਚਲਾਈ ਹੈ ਅਤੇ ਟੀਚਾ ਹਾਸਲ ਕਰਨ ਲਈ ਆਪਣੇ ਤਰਕਸ਼ ਦਾ ਹਰ ਤੀਰ ਇਸਤੇਮਾਲ ਕੀਤਾ ਹੈ। ਜੇ ਕਾਂਗਰਸ ਪ੍ਰਧਾਨ ਮੰਤਰੀ ਮੋਦੀ ਨਾਲ ਲੜਣਾ ਚਾਹੁੰਦੀ ਹੈ, ਜੋ 1947 ਤੋਂ ਭਾਰਤ ਦੀਆਂ ਸਾਰੀਆਂ ਸਮੱਸਿਆਵਾਂ ਲਈ ਸਵਰਗੀ ਜਵਾਹਰ ਲਾਲ ਨਹਿਰੂ ਨੂੰ ਦੋਸ਼ੀ ਠਹਿਰਾ ਰਹੇ ਹਨ ਤਾਂ ਉਸ ਨੂੰ ਖੁਦ ਨੂੰ ਸੁਰਜੀਤ ਕਰਨਾ ਪਵੇਗਾ। 

ਭਾਜਪਾ ਲੀਡਰਸ਼ਿਪ ਨੇ ਬੜੀ ਚਾਲਾਕੀ ਨਾਲ ਮਹਾਤਮਾ ਗਾਂਧੀ ਅਤੇ ਸਰਦਾਰ ਪਟੇਲ ਨੂੰ ਅਪਣਾ ਲਿਆ ਹੈ। ਇਸ ਦੇ ਨੇਤਾ ਨਹਿਰੂ ਨੂੰ ਉਨ੍ਹਾਂ ਦੇ ਫੈਸਲਿਆਂ ਲਈ ਰੋਜ਼ ਬਦਨਾਮ ਕਰ ਰਹੇ ਹਨ ਪਰ ਇਹ ਧਿਆਨ ਦਿੱਤਾ ਜਾਣਾ ਚਾਹੀਦਾ ਕਿ ਭਾਜਪਾ ਨੇਤਾ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ’ਤੇ ਹਮਲਾ ਕਰਨ ਤੋਂ ਬਚਦੇ ਹਨ। ਇਥੋਂ ਤੱਕ ਕਿ ਮੋਦੀ ਨੇ ਵੀ ਇੰਦਰਾ ਗਾਂਧੀ ਵਿਰੁੱਧ ਇਕ ਸ਼ਬਦ ਨਹੀਂ ਬੋਲਿਆ ਹੈ।


Rakesh

Content Editor

Related News