ਕਾਂਗਰਸ ਵੱਲੋਂ ਬਿਨਾਂ ਸਿਰ ਵਾਲੀ ਫੋਟੋ ਪੋਸਟ ਕਰਨ ’ਤੇ ਵਿਵਾਦ, ਭਾਜਪਾ ਬੋਲੀ- ਲਸ਼ਕਰ-ਏ-ਪਾਕਿਸਤਾਨ ਹੈ ਕਾਂਗਰਸ
Wednesday, Apr 30, 2025 - 10:03 AM (IST)

ਨਵੀਂ ਦਿੱਲੀ- ਕਾਂਗਰਸ ਨੇ ਪਹਿਲਗਾਮ ਦੇ ਅੱਤਵਾਦੀ ਹਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਲਏ ਬਿਨਾਂ ਉਨ੍ਹਾਂ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਕਾਂਗਰਸ ਨੇ ਆਪਣੇ ਅਧਿਕਾਰਤ ‘ਐਕਸ’ ਹੈਂਡਲ ’ਤੇ ਇਕ ਫੋਟੋ ਪੋਸਟ ਕੀਤੀ ਹੈ ਜਿਸ ’ਚ ਕੁੜਤਾ-ਪਜਾਮਾ ਪਹਿਨੇ ਇਕ ਆਦਮੀ ਵਿਖਾਇਆ ਗਿਆ ਹੈ ਜਿਸ ਦਾ ਸਿਰ ਨਹੀਂ ਹੈ। ਉਸ ਦੇ ਹੱਥ-ਪੈਰ ਵੀ ਗਾਇਬ ਹਨ। ਕੈਪਸ਼ਨ ’ਚ ਲਿਖਿਆ ਹੈ- ਜ਼ਿੰਮੇਵਾਰੀ ਦੇ ਸਮੇਂ ਗਾਇਬ। ਕਾਂਗਰਸ ਦੀ ਇਸ ਪੋਸਟ ਨੂੰ ਪਹਿਲਗਾਮ ਦੇ ਹਮਲੇ ਤੋਂ ਬਾਅਦ 24 ਅਪ੍ਰੈਲ ਨੂੰ ਹੋਈ ਸਰਬ ਪਾਰਟੀ ਮੀਟਿੰਗ ਨਾਲ ਜੋੜਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਮੀਟਿੰਗ ’ਚ ਸ਼ਾਮਲ ਨਹੀਂ ਹੋਏ ਸਨ। ਕਾਂਗਰਸ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੂੰ ਇਸ ’ਚ ਹਿੱਸਾ ਲੈਣਾ ਚਾਹੀਦਾ ਸੀ। ਪੋਸਟ ’ਚ ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਨੇ ਕਿਹਾ ਕਿ ਕਾਂਗਰਸ ਤੇ ਅੱਤਵਾਦੀਆਂ ਦੀ ਸੋਚ ਇਕੋ ਜਿਹੀ ਹੈ। ਕਾਂਗਰਸ ‘ਲਸ਼ਕਰ-ਏ-ਪਾਕਿਸਤਾਨ’ ਹੈ। ਪਾਕਿਸਤਾਨ ਦੇ ਟਾਵਰ ਨਾਲ ਕਾਂਗਰਸ ਦਾ ਸਿਗਨਲ ਮਿਲਦਾ ਹੈ। ਰਾਹੁਲ ਦੇ ‘ਸਿਗਨਲ ’ ’ਤੇ ਹੀ ਇਹ ਸਭ ਹੋ ਰਿਹਾ ਹੈ। ਪਾਕਿਸਤਾਨ ’ਚ ਵਾਹ-ਵਾਹ ਖੱਟਣ ਲਈ ਕਾਂਗਰਸ ਅਜਿਹਾ ਕਰ ਰਹੀ ਹੈ। ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਹਿਲਾਂ ਕਿਹਾ ਸੀ ਕਿ ਇਹ ਦੇਸ਼ ਦੀ ਬਦਕਿਸਮਤੀ ਹੈ ਕਿ ਪ੍ਰਧਾਨ ਮੰਤਰੀ ਸਰਬ-ਪਾਰਟੀ ਮੀਟਿੰਗ ’ਚ ਨਹੀਂ ਆਏ। ਇਸ ਨਾਲ ਦੇਸ਼ ਦੇ ਮਾਣ ਨੂੰ ਠੇਸ ਪਹੁੰਚੀ। ਮੋਦੀ ਬਿਹਾਰ ’ਚ ਚੋਣ ਭਾਸ਼ਣ ਦੇ ਰਹੇ ਸੀ। ਉਹ ਦਿੱਲੀ ਨਹੀਂ ਆਏ। ਕੀ ਦਿੱਲੀ ਬਿਹਾਰ ਤੋਂ ਇੰਨੀ ਦੂਰ ਹੈ?
ਮਾਲਵੀਆ ਨੇ ਕਿਹਾ- ਅਸਲ ’ਚ ਗਰਦਨ ਤਾਂ ਕਾਂਗਰਸ ਦੀ ਕੱਟੀ ਗਈ ਹੈ
ਕਾਂਗਰਸ ਦੀ ਪੋਸਟ ’ਤੇ ਭਾਜਪਾ ਨੇਤਾ ਅਮਿਤ ਮਾਲਵੀਆ ਨੇ ਕਿਹਾ ‘ਸਰ ਤਨ ਸੇ ਜੁਦਾ’ ਵਰਗੀ ਭਾਸ਼ਾ ਦੀ ਵਰਤੋਂ ਕਰ ਕੇ ਕਾਂਗਰਸ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਇਹ ਮੁਸਲਿਮ ਵੋਟ ਬੈਂਕ ਨੂੰ ਧਿਆਨ ’ਚ ਰੱਖ ਕੇ ਕੀਤੀ ਗਈ ਟਿੱਪਣੀ ਹੈ। ਮਾਲਵੀਆ ਨੇ ਕਿਹਾ ਕਿ ਜੇ ਅਸੀਂ ਇਸ ਨੂੰ ਇਕ ਕਹਾਵਤ ਵਜੋਂ ਵੇਖੀਏ ਤਾਂ ਅਸਲ ’ਚ ਗਰਦਨ ਤਾਂ ਕਾਂਗਰਸ ਦੀ ਕੱਟੀ ਗਈ ਹੈ, ਜੋ ਹੁਣ ਬਿਨਾਂ ਦਿਸ਼ਾ ਤੋਂ ਇਕ ਬੇਕਾਬੂ ਸੰਗਠਨ ਬਣ ਗਈ ਹੈ।
ਕਾਂਗਰਸ ਭਾਰਤ ਨਾਲ ਹੈ ਜਾਂ ਪਾਕਿਸਤਾਨ ਨਾਲ : ਅਨੁਰਾਗ ਠਾਕੁਰ
ਭਾਜਪਾ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕਿਹਾ ਕਿ ਕਾਂਗਰਸ ਤੇ ਉਸ ਦੇ ਨੇਤਾਵਾਂ ਦੀ ਕੀ ਮਜਬੂਰੀ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ਦੇ ਹੱਕ ’ਚ ਬੋਲਣਾ ਪੈ ਰਿਹਾ ਹੈ? ਉਹ ਪਾਕਿਸਤਾਨ ਦੀ ਹਮਾਇਤ ਕਿਉਂ ਕਰ ਰਹੇ ਹਨ? ਕੀ ਉਨ੍ਹਾਂ ਨੂੰ ਭਾਰਤੀਆਂ ਦਾ ਖੂਨ ਵਗਦਾ ਵੇਖ ਕੇ ਗੁੱਸਾ ਨਹੀਂ ਆਉਂਦਾ? ਕਾਂਗਰਸ ਕਿਸ ਦੇ ਨਾਲ ਖੜ੍ਹੀ ਹੈ, ਭਾਰਤ ਜਾਂ ਪਾਕਿਸਤਾਨ ਨਾਲ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8