ਮੋਦੀ ਦਾ ਸੁਪਨਾ, ਕਾਂਗਰਸ ਦਾ ਬੁਰਾ ਸੁਪਨਾ

Tuesday, Dec 09, 2025 - 08:53 AM (IST)

ਮੋਦੀ ਦਾ ਸੁਪਨਾ, ਕਾਂਗਰਸ ਦਾ ਬੁਰਾ ਸੁਪਨਾ

ਬਿਹਾਰ ਵਿਚ ਜਿੱਤ ਤੋਂ ਬਾਅਦ ਨਰਿੰਦਰ ਮੋਦੀ ਨੇ ਪੂਰੇ ਵਿਸ਼ਵਾਸ ਨਾਲ ਐਲਾਨ ਕੀਤਾ ਕਿ ਕਾਂਗਰਸ ‘ਟੁੱਟ’ ਜਾਏਗੀ। ਇਹ ਚੋਣਾਂ ਤੋਂ ਬਾਅਦ ਦਾ ਕੋਈ ਸਹਿਜ ਦਾਅਵਾ ਨਹੀਂ ਸੀ। 2014 ਵਿਚ ਦਿੱਲੀ ਆਉਣ ਤੋਂ ਬਾਅਦ ਤੋਂ ਮੋਦੀ ਇਸ ਸਭ ਤੋਂ ਪੁਰਾਣੀ ਪਾਰਟੀ ਨੂੰ ਤੋੜਨ ਲਈ ਲਗਾਤਾਰ ਕੰਮ ਕਰ ਰਹੇ ਹਨ। ਲੱਗਭਗ 13 ਕਾਂਗਰਸੀ ਮੁੱਖ ਮੰਤਰੀ ਜਾਂ ਸੀਨੀਅਰ ਨੇਤਾ ਜਿਨ੍ਹਾਂ ਵਿਚ ਅਸ਼ੋਕ ਚਵਾਨ, ਕੈਪਟਨ ਅਮਰਿੰਦਰ ਸਿੰਘ, ਐੱਸ. ਐੱਮ. ਕ੍ਰਿਸ਼ਨਾ, ਦਿਗੰਬਰ ਕਾਮਤ, ਪੇਮਾ ਖਾਂਡੂ, ਨਾਰਾਇਣ ਰਾਣੇ, ਐੱਨ. ਬੀਰੇਨ ਸਿੰਘ ਅਤੇ ਜਗਦੰਬਿਕਾ ਪਾਲ ਸ਼ਾਮਲ ਸਨ, ਭਾਜਪਾ ਵਿਚ ਸ਼ਾਮਲ ਹੋ ਗਏ। ਇਕ ਸਮੇਂ, ਗੁਲਾਮ ਨਬੀ ਆਜ਼ਾਦ ‘ਅਸਲ ਵਿਚ ਵੰਡ’ ਦੇ ਬਹੁਤ ਨੇੜੇ ਆ ਗਏ ਸਨ ਪਰ ਇਹ ਕੋਸ਼ਿਸ਼ ਅਸਫਲ ਹੋ ਗਈ ਅਤੇ ਉਨ੍ਹਾਂ ਨੇ ਆਪਣੀ ਪਾਰਟੀ ਬਣਾ ਲਈ।

ਅੱਜ, ਕਮਜ਼ੋਰੀਆਂ ਫਿਰ ਤੋਂ ਸਪਸ਼ਟ ਹੋ ਰਹੀਆਂ ਹਨ। ਵਾਰ-ਵਾਰ ਹਾਰ ਤੋਂ ਬਾਅਦ ਸੂਬੇ ਦੇ ਨੇਤਾ ਬੇਚੈਨ ਹਨ ਅਤੇ ਪੁਰਾਣੇ ਨੇਤਾ ਰਾਹੁਲ ਗਾਂਧੀ ਦੀ ਵਿਅਕਤੀਤਵ ਆਧਾਰਤ ਸ਼ੈਲੀ ਅਤੇ ਇਕ ਸਖ਼ਤ ਕੰਟਰੋਲ ਵਾਲੇ ‘ਮੁੱਖ ਰਾਜਨੀਤਕ ਸਮੂਹ’ ’ਤੇ ਉਨ੍ਹਾਂ ਦੀ ਲੋੜ ਨਾਲੋਂ ਵਧ ਨਿਭਰਤਾ ਤੋਂ ਨਿਰਾਸ਼ ਹਨ।

ਤ੍ਰਾਸਦੀ ਇਹ ਹੈ ਕਿ ਰਾਹੁਲ ਦੀ ਮੂਲ ਟੀਮ ਦੇ ਬਹੁਤ ਸਾਰੇ ਮੈਂਬਰ - ਜੋਤੀਰਾਦਿੱਤਿਆ ਸਿੰਧੀਆ, ਆਰ. ਪੀ. ਐੱਨ. ਸਿੰਘ, ਜਿਤਿਨ ਪ੍ਰਸਾਦ, ਸੁਸ਼ਮਿਤਾ ਦੇਵ ਅਤੇ ਹੋਰ ਪਹਿਲਾਂ ਹੀ ਪਾਰਟੀ ਛੱਡ ਚੁੱਕੇ ਹਨ। ਉਨ੍ਹਾਂ ਦੇ ਮੌਜੂਦਾ ਵਫ਼ਾਦਾਰ - ਅਜੈ ਮਾਕਨ, ਰਣਦੀਪ ਸੁਰਜੇਵਾਲਾ, ਦੀਪੇਂਦਰ ਹੁੱਡਾ, ਸਚਿਨ ਪਾਇਲਟ, ਗੌਰਵ ਗੋਗੋਈ, ਭੁਪੇਨ ਬੋਰਾ ਪਾਰਟੀ ਅੰਦਰ ਵਿਸ਼ਵਾਸ ਬਹਾਲ ਨਹੀਂ ਕਰ ਸਕੇ ਹਨ।

ਨਵਾਂ ‘ਕੋਰ’—ਸਚਿਨ ਰਾਓ, ਕ੍ਰਿਸ਼ਨਾ ਅਲਾਵਰੂ, ਹਰਸ਼ਵਰਧਨ ਸਪਕਾਲ, ਮੀਨਾਕਸ਼ੀ ਨਟਰਾਜਨ, ਅਤੇ ਹੋਰ ਨਤੀਜੇ ਦੇਣ ਵਿਚ ਅਸਫਲ ਰਹੇ ਹਨ। ਅਜੇ ਰਾਏ (ਯੂ. ਪੀ.) , ਹਰਸ਼ਵਰਧਨ ਸਪਕਾਲ (ਮਹਾਰਾਸ਼ਟਰ) ਅਤੇ ਸੰਨੀ ਜੋਸਫ਼ (ਕੇਰਲ) ਵਰਗੇ ਸੂਬਿਆਂ ਵਿਚ ਰਾਹੁਲ ਦੀ ਪਸੰਦ ਨੇ ਨੇਤਾਵਾਂ ਨੂੰ ਹੈਰਾਨ-ਪ੍ਰੇਸ਼ਾਨ ਕਰ ਦਿੱਤਾ ਹੈ। ਕੀ ਕਾਂਗਰਸ ਹੁਣ ਸੱਚਮੁੱਚ ਵੰਡੀ ਜਾ ਸਕਦੀ ਹੈ? ਇਸ ਦਾ ਜਵਾਬ ਗਣਿਤ ਅਤੇ ਜਨਤਕ ਧਾਰਨਾ ਵਿਚ ਹੈ। ਭਾਜਪਾ ਜਾਣਦੀ ਹੈ ਕਿ 2024 ਤੋਂ ਬਾਅਦ ਦੇ ਪਤਨ ਨੇ ਇਸਦੇ ਚੋਣ ਹਾਸ਼ੀਏ ਨੂੰ ਘਟਾ ਦਿੱਤਾ ਹੈ ਅਤੇ ਟੁਕੜੇ-ਟੁਕੜੇ ਹੋਈ ਕਾਂਗਰਸ 2029 ਤੋਂ ਪਹਿਲਾਂ ਕਿਸੇ ਵੀ ਰਾਸ਼ਟਰੀ ਚੁਣੌਤੀ ਨੂੰ ਰੋਕਣ ਦਾ ਸਭ ਤੋਂ ਸੁਰੱਖਿਅਤ ਤਰੀਕਾ ਹੈ। ਫਿਰ ਵੀ ਇਕ ਰਸਮੀ ਵੰਡ ਅਟੱਲ ਨਹੀਂ ਹੈ। ਸ਼ਸ਼ੀ ਥਰੂਰ ਇਕੱਲੇ ਪਾਰਟੀ ਨੂੰ ਨਹੀਂ ਵੰਡ ਸਕਦੇ। ਇਹ ਰਾਹੁਲ ਗਾਂਧੀ ਨੂੰ ਇਕ ਮਹੱਤਵਪੂਰਨ ਚੌਰਾਹੇ ’ਤੇ ਛੱਡ ਦਿੰਦਾ ਹੈ। ਜਦੋਂ ਤੱਕ ਉਹ ਸੰਗਠਨ ਦਾ ਪੁਨਰਗਠਨ ਨਹੀਂ ਕਰਦੇ ਅਤੇ ਅਸਲ ਸ਼ਕਤੀ ਸਾਂਝੀ ਨਹੀਂ ਕਰਦੇ ਮੋਦੀ ਦੀ ਭਵਿੱਖਬਾਣੀ ਇਕ ਰਾਜਨੀਤਿਕ ਹਕੀਕਤ ਬਣ ਸਕਦੀ ਹੈ।


author

Harpreet SIngh

Content Editor

Related News