ਕਾਂਗਰਸ ਸੰਸਦ ਮੈਂਬਰ ਵਸੰਤ ਰਾਵ ਚੌਹਾਨ ਦਾ ਦਿਹਾਂਤ, ਹੈਦਰਾਬਾਦ ਦੇ ਹਸਪਤਾਲ ''ਚ ਚੱਲ ਰਿਹਾ ਸੀ ਇਲਾਜ

Monday, Aug 26, 2024 - 10:27 AM (IST)

ਕਾਂਗਰਸ ਸੰਸਦ ਮੈਂਬਰ ਵਸੰਤ ਰਾਵ ਚੌਹਾਨ ਦਾ ਦਿਹਾਂਤ, ਹੈਦਰਾਬਾਦ ਦੇ ਹਸਪਤਾਲ ''ਚ ਚੱਲ ਰਿਹਾ ਸੀ ਇਲਾਜ

ਮੁੰਬਈ- ਮਹਾਰਾਸ਼ਟਰ ਦੇ ਨਾਂਦੇੜ ਤੋਂ ਕਾਂਗਰਸ ਦੇ ਲੋਕ ਸਭਾ ਸੰਸਦ ਮੈਂਬਰ ਵਸੰਤ ਰਾਵ ਚੌਹਾਨ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। 69 ਸਾਲ ਦੇ ਚੌਹਾਨ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸਨ। ਹੈਦਰਾਬਾਦ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਇਲਾਜ ਦੌਰਾਨ ਅੱਧੀ ਰਾਤ ਨੂੰ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ, ਜਿਸ ਤੋਂ ਬਾਅਦ ਸੋਮਵਾਰ ਸਵੇਰੇ 4 ਵਜੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਨਾਂਦੇੜ ਵਿਚ ਹੋਵੇਗਾ। ਇਹ ਜਾਣਕਾਰੀ ਮਹਾਰਾਸ਼ਟਰ ਪ੍ਰਦੇਸ਼ ਕਾਂਗਰਸ ਕਮੇਟੀ  (MPCC) ਨੇ ਦਿੱਤੀ। 

ਕੁਝ ਦਿਨ ਪਹਿਲਾਂ ਹੀ ਸਾਹ ਲੈਣ ਵਿਚ ਤਕਲੀਫ਼ ਅਤੇ ਲੋਅ ਬਲੱਡ ਪ੍ਰੈੱਸ਼ਰ ਦੀ ਸ਼ਿਕਾਇਤ ਮਗਰੋਂ ਉਨ੍ਹਾਂ ਨੂੰ ਨਾਂਦੇੜ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਕੁਝ ਸਮੇਂ ਤੱਕ ਇਲਾਜ ਕਰਾਉਣ ਮਗਰੋਂ ਉਨ੍ਹਾਂ ਨੂੰ ਡਾਕਟਰ ਦੀ ਸਲਾਹ 'ਤੇ ਏਅਰ ਐਂਬੂਲੈਂਸ ਤੋਂ ਹੈਦਰਾਬਾਦ ਲਿਜਾਇਆ ਗਿਆ। ਇਸ ਸਾਲ ਖ਼ਰਾਬ ਸਿਹਤ ਦੇ ਬਾਵਜੂਦ ਉਨ੍ਹਾਂ ਨੇ ਨਾਂਦੇੜ ਲੋਕ ਸਭਾ ਸੀਟ ਜਿੱਤੀ ਸੀ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਅਸ਼ੋਕ ਚੌਹਾਨ ਸਮੇਤ ਵੱਡੇ ਨੇਤਾਵਾਂ ਦੇ ਪਾਰਟੀ ਛੱਡਣ ਮਗਰੋਂ ਵੀ ਇਹ ਸੀਟ ਜਿੱਤੀ ਸੀ। ਅਸ਼ੋਕ ਚੌਹਾਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿਚ ਸ਼ਾਮਲ ਹੋ ਗਏ ਸਨ।

ਚੌਹਾਨ ਦਾ ਸਿਆਸੀ ਕਰੀਅਰ

ਕਾਂਗਰਸ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਚੌਹਾਨ ਨਾਯਗਾਂਵ ਵਿਧਾਨ ਸਭਾ ਖੇਤਰ ਤੋਂ ਆਜ਼ਾਦ ਵਿਧਾਇਕ ਸਨ। 2014 ਵਿਚ ਕਾਂਗਰਸ ਵਿਚ ਸ਼ਾਮਲ ਹੋਣ ਮਗਰੋਂ ਮਈ 2014 'ਚ ਉਨ੍ਹਾਂ ਨੂੰ ਮਹਾਰਾਸ਼ਟਰ ਵਿਧਾਨ ਸਭਾ ਦੀ ਲੋਕ ਲੇਖਾ ਕਮੇਟੀ ਵਿਚ ਨਿਯੁਕਤ ਕੀਤਾ ਗਿਆ। ਚੌਹਾਨ ਪਹਿਲੀ ਵਾਰ 2009 ਵਿਚ ਨਾਂਦੇੜ ਜ਼ਿਲ੍ਹੇ ਦੇ ਨਾਯਗਾਂਵ ਵਿਧਾਨ ਸਭਾ ਖੇਤਰ ਤੋਂ ਮਹਾਰਾਸ਼ਟਰ ਵਿਧਾਇਕ ਲਈ ਚੁਣੇ ਗਏ ਸਨ। ਉਨ੍ਹਾਂ ਦੇ ਸਿਆਸੀ ਕਰੀਅਰ ਦੀ ਸ਼ੁਰੂਆਤ 1978 ਵਿਚ ਉਨ੍ਹਾਂ ਦੇ ਪਿੰਡ ਨਾਯਗਾਂਵ ਦੇ ਸੰਰਪਚ ਦੇ ਰੂਪ ਵਿਚ ਹੋਈ ਸੀ। ਬਾਅਦ ਵਿਚ ਉਹ ਜ਼ਿਲ੍ਹਾ ਪਰੀਸ਼ਦ ਵਿਚ ਚੁਣੇ ਗਏ ਪਰ ਉਸ ਦੇ ਤੁਰੰਤ ਬਾਅਦ ਉਨ੍ਹਾਂ ਨੇ ਸੂਬਾ  ਵਿਧਾਨ ਪਰੀਸ਼ਦ ਵਿਚ ਮੌਕਾ ਮਿਲਿਆ। ਉੱਥੋਂ ਉਨ੍ਹਾਂ ਨੇ 16 ਸਾਲ ਤੱਕ ਵਿਧਾਨ ਮੰਡਲ ਦੇ ਦੋਹਾਂ ਸਦਨਾਂ ਵਿਚ ਕੰਮ ਕੀਤਾ। ਵਸੰਤ ਰਾਵ ਨੇ ਲੋਕ ਸਭਾ ਚੋਣਾਂ ਵਿਚ 59 ਹਜ਼ਾਰ 442 ਵੋਟਾਂ ਦੇ ਮਾਰਜਿਨ ਨਾਲ ਜਿੱਤ ਹਾਸਲ ਕੀਤੀ ਸੀ। 


author

Tanu

Content Editor

Related News