ਕਾਂਗਰਸ ਦਾ ਮੋਦੀ ਸਰਕਾਰ ''ਤੇ ਨਿਸ਼ਾਨਾ, ਨਵੇਂ ਸਾਲ ''ਚ ਜਨਤਾ ਦੀ ਜੇਬ ''ਤੇ ਪਾਇਆ ਬੋਝ

01/01/2020 2:44:23 PM

ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਨੇ ਰੇਲ ਕਿਰਾਇਆ ਅਤੇ ਗੈਸ ਸਬਸਿਡੀ ਵਾਲੇ ਸਿਲੰਡਰ ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਬੁੱਧਵਾਰ ਭਾਵ ਅੱਜ ਨਰਿੰਦਰ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਕਾਂਗਰਸ ਨੇ ਕਿਹਾ ਕਿ ਨਵੇਂ ਸਾਲ 'ਚ ਸਰਕਾਰ ਨੇ ਆਮ ਜਨਤਾ ਦੀ ਜੇਬ 'ਤੇ ਬੋਝ ਪਾ ਦਿੱਤਾ ਹੈ। ਪਾਰਟੀ ਬੁਲਾਰੇ ਸੁਸ਼ਮਿਤਾ ਦੇਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਦੁੱਖ ਹੈ ਕਿ ਆਮ ਆਦਮੀ ਦੀ ਜੇਬ 'ਤੇ ਬੋਝ ਪਾ ਦਿੱਤਾ ਗਿਆ ਹੈ। ਰੇਲ ਕਿਰਾਇਆ ਵਧਾਇਆ ਗਿਆ, ਐੱਲ. ਪੀ. ਜੀ. ਸਿਲੰਡਰ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਨੂੰ ਉਮੀਦ ਸੀ ਕਿ ਸਰਕਾਰ ਨਵੇਂ ਸਾਲ 'ਚ ਰਾਹਤ ਦੇਵੇਗੀ ਪਰ ਸਰਕਾਰ ਨੇ ਉਲਟਾ ਬੋਝ ਹੀ ਪਾ ਦਿੱਤਾ।

ਦੱਸਣਯੋਗ ਹੈ ਕਿ ਵੱਖ-ਵੱਖ ਸ਼੍ਰੇਣੀਆਂ 'ਚ ਰੇਲ ਕਿਰਾਏ 'ਚ ਵਾਧਾ ਕੀਤਾ ਗਿਆ ਹੈ। ਸਾਧਾਰਣ ਟਰੇਨਾਂ ਦੇ ਨੌਨ ਏਸੀ ਸੈਕਿੰਡ ਕਲਾਸ ਦੇ ਕਿਰਾਏ 'ਚ ਪ੍ਰਤੀ ਕਿਲੋਮੀਟਰ ਇਕ ਪੈਸੇ ਦਾ ਵਾਧਾ ਕੀਤਾ ਗਿਆ ਹੈ। ਐਕਸਪ੍ਰੈੱਸ ਟਰੇਨਾਂ 'ਚ ਵਧੇ ਕਿਰਾਏ ਦੀ ਗੱਲ ਕਰੀਏ ਤਾਂ ਸੈਕਿੰਡ ਕਲਾਸ ਯਾਤਰੀਆਂ ਨੂੰ ਪ੍ਰਤੀ ਕਿਲੋਮੀਟਰ 2 ਪੈਸੇ ਵਧ ਦੇਣੇ ਹੋਣਗੇ। ਸਲੀਪਰ ਕਲਾਸ ਅਤੇ ਫਰਸਟ ਕਲਾਸ ਦੇ ਕਿਰਾਏ 'ਚ ਵੀ ਦੋ ਪੈਸੇ ਦਾ ਵਾਧਾ ਕੀਤਾ ਗਿਆ ਹੈ। ਏਸੀ ਚੇਅਰ ਕਾਰ ਦੇ ਕਿਰਾਏ ਵਿਚ 4 ਪੈਸੇ, ਏਸੀ-3 ਟੀਅਰ ਲਈ 4 ਪੈਸੇ, ਏਸੀ-2 ਟੀਅਰ ਕਿਰਾਏ ਲਈ 4 ਪੈਸੇ ਅਤੇ ਏਸੀ ਫਰਸਟ ਕਲਾਸ ਲਈ ਕਿਰਾਏ ਵਿਚ ਵੀ 4 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਹੈ। ਕਿਰਾਏ ਦੀਆਂ ਵਧੀਆਂ ਦਰਾਂ 1 ਜਨਵਰੀ 2020 ਤੋਂ ਲਾਗੂ ਹੋ ਗਈਆਂ ਹਨ। ਦੂਜੇ ਪਾਸੇ ਗੈਰ-ਸਬਸਿਡੀ ਵਾਲੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ 19 ਰੁਪਏ ਦਾ ਇਜ਼ਾਫਾ ਕੀਤਾ ਗਿਆ ਹੈ। ਹੁਣ ਘਰੇਲੂ ਸਿਲੰਡਰ 749 ਰੁਪਏ ਦਾ ਹੋ ਗਿਆ ਹੈ।


Tanu

Content Editor

Related News