ਬੀਜਦ ਵਿਧਾਇਕਾਂ ਨੇ ਓਡਿਸ਼ਾ ਵਿਧਾਨ ਸਭਾ ਨੂੰ ਸ਼ੁੱਧ ਕਰਨ ਲਈ ਛਿੜਕਿਆ ‘ਗੰਗਾਜਲ’
Thursday, Mar 27, 2025 - 09:13 PM (IST)

ਭੁਵਨੇਸ਼ਵਰ, (ਭਾਸ਼ਾ)- ਵਿਰੋਧੀ ਧਿਰ ਬੀਜੂ ਜਨਤਾ ਦਲ (ਬੀਜਦ) ਦੇ ਵਿਧਾਇਕਾਂ ਨੇ ਵੀਰਵਾਰ ਨੂੰ ਓਡਿਸ਼ਾ ਵਿਧਾਨ ਸਭਾ ਦੀ ਕਾਰਵਾਈ ਵਿਚ ਹਿੱਸਾ ਲੈਣ ਤੋਂ ਪਹਿਲਾਂ ‘ਗੰਗਾਜਲ’ ਛਿੜਕਿਆ। ਵਿਧਾਇਕਾਂ ਨੇ ਦੋਸ਼ ਲਾਇਆ ਕਿ ਪੁਲਸ ਵਾਲਿਆਂ ਦੇ ਦਾਖਲੇ ਕਾਰਨ ਸਦਨ ‘ਅਪਵਿੱਤਰ’ ਹੋ ਗਿਆ ਹੈ।
ਵਿਧਾਨ ਸਭਾ ਦੇ ਅੰਦਰ ਪ੍ਰਦਰਸ਼ਨ ਕਰ ਰਹੇ ਬੀਜਦ ਵਿਧਾਇਕਾਂ ਨੂੰ ਕੱਢਣ ਲਈ ਪੁਲਸ ਮੰਗਲਵਾਰ ਰਾਤ ਸਦਨ ਵਿਚ ਦਾਖਲ ਹੋਈ ਸੀ। ਬੀਜਦ ਵਿਧਾਇਕ ਔਰਤਾਂ ਵਿਰੁੱਧ ਅਪਰਾਧਾਂ ਦੀ ਜਾਂਚ ਲਈ ਵਿਧਾਨ ਸਭਾ ਕਮੇਟੀ ਦੇ ਗਠਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ।
ਬੀਜਦ ਦੀ ਚੀਫ਼ ਵ੍ਹਿਪ ਪ੍ਰਮਿਲਾ ਮਲਿਕ ਦੀ ਅਗਵਾਈ ਵਿਚ ਵਿਧਾਇਕਾਂ ਨੂੰ ਸਦਨ ਦੇ ਹਰ ਕੋਨੇ ਵਿਚ ਮਿੱਟੀ ਦੇ ਭਾਂਡਿਆਂ ਤੋਂ ਅੰਬ ਦੇ ਪੱਤਿਆਂ ਦੀ ਮਦਦ ਨਾਲ ‘ਗੰਗਾਜਲ’ ਛਿੜਕਦੇ ਦੇਖਿਆ ਗਿਆ। ਬੀਜਦ ਮੈਂਬਰ ਅਤੇ ਸਾਬਕਾ ਮੰਤਰੀ ਅਰੁਣ ਕੁਮਾਰ ਸਾਹੂ ਨੇ ਕਿਹਾ ਕਿ ਸਪੀਕਰ ਵੱਲੋਂ ਪੁਲਸ ਨੂੰ ਸਦਨ ਵਿਚ ਦਾਖਲ ਹੋਣ ਤੇ ਸਪੀਕਰ ਦੀ ਕੁਰਸੀ ਦੇ ਨੇੜੇ ਜਾਣ ਦੀ ਇਜਾਜ਼ਤ ਦੇਣ ਤੋਂ ਬਾਅਦ ਵਿਧਾਨ ਸਭਾ ਅਪਵਿੱਤਰ ਹੋ ਗਈ।