ਬਰੇਲੀ: ਕਾਂਗਰਸ ਦੀ ਮੈਰਾਥਨ ਦੌੜ ’ਚ ਮਚੀ ਭਾਜੜ, ਕਈ ਕੁੜੀਆਂ ਹੋਈਆਂ ਜ਼ਖਮੀ
Tuesday, Jan 04, 2022 - 02:21 PM (IST)
ਬਰੇਲੀ (ਵਾਰਤਾ)— ਉੱਤਰ ਪ੍ਰਦੇਸ਼ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਮਹਿਲਾ ਵੋਟਰਾਂ ਨੂੰ ਲੁਭਾਉਣ ਲਈ ਕਾਂਗਰਸ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਦੀ ਅਪੀਲ ’ਤੇ ਬਰੇਲੀ ’ਚ ‘ਲੜਕੀ ਹਾਂ, ਲੜ ਸਕਦੀ ਹਾਂ’ ਮੈਰਾਥਨ ਦੌੜ ’ਚ ਭਾਜੜ ਮਚ ਗਈ। ਜਾਣਕਾਰੀ ਮੁਤਾਬਕ ਸਵੇਰੇ 9 ਵਜੇ ਦੇ ਕਰੀਬ ਦੌੜ ਸ਼ੁਰੂ ਹੋਣ ਤੋਂ ਪਹਿਲਾਂ ਕੁੜੀਆਂ ਜਿਸ ਸਥਾਨ ’ਤੇ ਇਕੱਠੀਆਂ ਹੋਈਆਂ ਸਨ, ਉੱਥੇ ਧੱਕਾ-ਮੁੱਕੀ ਸ਼ੁਰੂ ਹੋਣ ’ਤੇ ਭਾਜੜ ਮਚ ਗਈ। ਇਸ ਦੌਰਾਨ ਕੁਝ ਕੁੜੀਆਂ ਜ਼ਖਮੀ ਹੋਈਆਂ ਹਨ। ਚਸ਼ਮਦੀਦਾਂ ਨੇ ਦੱਸਿਆ ਕਿ ਸਵੇਰੇ ਮੈਰਾਥਨ ਦੌੜ ’ਚ ਸ਼ਾਮਲ ਹੋਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਕੁੜੀਆਂ ਇਕੱਠੀਆਂ ਹੋ ਗਈਆਂ ਸਨ। ਦੌੜ ਸ਼ੁਰੂ ਹੁੰਦੀ ਇਸ ਤੋਂ ਪਹਿਲਾਂ ਹੀ ਭਾਜੜ ਮਚ ਗਈ। ਇਸ ਵਿਚ ਦਰਜਨਾਂ ਭਰ ਤੋਂ ਵੱਧ ਕੁੜੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਓਧਰ ਪੱਛਮੀ ਉੱਤਰ ਪ੍ਰਦੇਸ਼ ਦੀ ਕਾਂਗਰਸ ਮੁਖੀ ਅਤੇ ਆਯੋਜਨ ਦੀ ਕਨਵੀਨਰ ਸੰਗੀਤਾ ਵੈਧ ਨੇ ਕਿਹਾ ਕਿ ਦੌੜ ਸ਼ੁਰੂ ਹੋਣ ਤੋਂ ਪਹਿਲਾਂ ਇਸ ਥਾਂ ’ਤੇ ਕੁੜੀਆਂ ਇਕੱਠੀਆਂ ਹੋਈਆਂ ਸਨ, ਤਾਂ ਅੱਗੇ ਵੱਧਣ ਦੀ ਹੋੜ ਵਿਚ ਕੁੜੀਆਂ ਵਿਚਾਲੇ ਧੱਕਾ-ਮੁੱਕੀ ਹੋਣ ਲੱਗੀ। ਦੌੜ ਵਿਚ ਅੱਗੇ ਰਹਿਣ ਦੀ ਹੋੜ ਕਾਰਨ ਕੁਝ ਕੁੜੀਆਂ ਦੇ ਡਿੱਗਣ ਕਾਰਨ ਪਿੱਛੇ ਦੌੜ ਰਹੀਆਂ ਕੁੜੀਆਂ ਵੀ ਡਿੱਗ ਗਈਆਂ।
ਬਰੇਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਪ੍ਰਸ਼ਾਸਨ ਦੀ ਆਗਿਆ ਨਾਲ ਸ਼ਹਿਰ ਦੇ ਸਿਵਲ ਲਾਈਨ ਸਥਿਤ ਬਿਸ਼ਪ ਇੰਟਰ ਕਾਲਜ ਤੋਂ ਦੌੜ ਸ਼ੁਰੂ ਹੋਣੀ ਸੀ। ਦੌੜ ਸ਼ੁਰੂ ਹੋਣ ਤੋਂ ਪਹਿਲਾਂ ਭਾਜੜ ਮਚ ਜਾਣ ਦੀ ਸੂਚਨਾ ਮਿਲੀ ਹੈ। ਘਟਨਾ ਦੀ ਜਾਂਚ ਹੋਣ ਤੋਂ ਬਾਅਦੀ ਹੀ ਇਸ ਦੀ ਵਜ੍ਹਾ ਅਤੇ ਜ਼ਖਮੀ ਹੋਣ ਵਾਲੀਆਂ ਕੁੜੀਆਂ ਬਾਰੇ ਦੱਸਿਆ ਜਾ ਸਕੇਗਾ।