ਲਾਕਡਾਊਨ-3 ਚੁੱਪ-ਚਪੀਤੇ ਸ਼ੁਰੂ ਕਰਨ ਦਾ ਕਾਰਣ ਦੱਸਣ PM ਮੋਦੀ : ਕਾਂਗਰਸ
Saturday, May 02, 2020 - 06:07 PM (IST)
ਨਵੀਂ ਦਿੱਲੀ (ਵਾਰਤਾ)— ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸਿੱਧਾ ਹਮਲਾ ਕਰਦੇ ਹੋਏ ਸ਼ਨੀਵਾਰ ਭਾਵ ਅੱਜ ਕਿਹਾ ਕਿ ਪਹਿਲਾਂ ਦੋ ਲਾਕਡਾਊਨ ਦਾ ਐਲਾਨ ਉਨ੍ਹਾਂ ਨੇ ਖੁਦ ਕੀਤਾ ਪਰ ਤੀਜੇ ਲਾਕਡਾਊਨ ਦਾ ਐਲਾਨ ਕਰਦੇ ਸਮੇਂ ਉਹ ਸਾਹਮਣੇ ਕਿਉਂ ਨਹੀਂ ਆਏ, ਉਨ੍ਹਾਂ ਤੋਂ ਦੇਸ਼ ਇਸ ਦਾ ਜਵਾਬ ਚਾਹੁੰਦਾ ਹੈ। ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸੁਰਜੇਵਾਲਾ ਨੇ ਸ਼ਨੀਵਾਰ ਨੂੰ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਮੋਦੀ ਨੇ ਦੇਸ਼ ਦੀ ਜਨਤਾ ਤੋਂ ਤਾੜੀਆਂ, ਥਾਲੀਆਂ ਅਤੇ ਘੰਟੀਆਂ ਵਜਵਾਈਆਂ ਅਤੇ ਸਾਰਿਆਂ ਨੇ ਕੋਰੋਨਾ ਵਾਇਰਸ ਵਿਰੁੱਧ ਜਾਰੀ ਲੜਾਈ 'ਚ ਇਕਜੁੱਟ ਹੋ ਕੇ ਸਾਥ ਦਿੱਤਾ ਪਰ ਸ਼ੁੱਕਰਵਾਰ ਨੂੰ ਜਦੋਂ 17 ਮਈ ਤੱਕ ਲਾਕਡਾਊਨ ਨੂੰ ਤੀਜੀ ਵਾਰ ਵਧਾਇਆ ਗਿਆ ਤਾਂ ਇਸ ਦੇ ਐਲਾਨ ਲਈ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦਾ ਕੋਈ ਨੁਮਾਇੰਦਾ ਸਾਹਮਣੇ ਨਹੀਂ ਆਇਆ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਸਾਫ ਹੋ ਗਿਆ ਹੈ ਕਿ ਇਸ ਸਰਕਾਰ ਦੀ ਕੋਰੋਨਾ ਵਾਇਰਸ ਵਿਰੁੱਧ ਕੋਈ ਯੋਜਨਾ ਨਹੀਂ ਹੈ। ਜੇਕਰ ਸਰਕਾਰ ਦੀ ਇਸ ਸਬੰਧ ਵਿਚ ਕੋਈ ਸਪੱਸ਼ਟ ਯੋਜਨਾ ਹੁੰਦੀ ਤਾਂ ਖੁਦ ਪ੍ਰਧਾਨ ਮੰਤਰੀ ਮੋਦੀ ਪਹਿਲਾਂ ਵਾਂਗ ਤੀਜੇ ਲਾਕਡਾਊਨ ਦਾ ਐਲਾਨ ਜਨਤਾ ਦੇ ਸਾਹਮਣੇ ਆ ਕੇ ਕਰਦੇ ਅਤੇ ਉਨ੍ਹਾਂ ਨੂੰ ਭਰੋਸਾ ਦਿੰਦੇ ਕਿ ਉਨ੍ਹਾਂ ਦੀ ਅਗਲੀ ਯੋਜਨਾ ਕੀ ਹੈ।
ਹੁਣ ਇਹ ਵੀ ਸਪੱਸ਼ਟ ਨਹੀਂ ਹੋ ਰਿਹਾ ਹੈ ਕਿ ਤੀਜਾ ਲਾਕਡਾਊਨ ਆਖਰੀ ਹੋਵੇਗਾ। ਰਣਦੀਪ ਨੇ ਕਿਹਾ ਕਿ ਕੱਲ ਜੋ ਤੀਜਾ ਲਾਕਡਾਊਨ ਸ਼ੁਰੂ ਕੀਤਾ ਗਿਆ, ਉਸ ਨੂੰ ਮਹਿਜ ਇਕ ਅਧਿਕਾਰਤ ਆਦੇਸ਼ ਤਹਿਤ ਲਾਗੂ ਕੀਤਾ ਗਿਆ ਹੈ। ਇਸ ਆਦੇਸ਼ ਨਾਲ ਕੁਝ ਵੀ ਸਪੱਸ਼ਟ ਨਹੀਂ ਹੈ। ਦੇਸ਼ ਨੂੰ ਕੋਰੋਨਾ ਵਾਇਰਸ ਨੂੰ ਲੈ ਕੇ ਕੁਝ ਨਾ ਦੱਸਿਆ ਗਿਆ ਨਾ ਹੀ ਸੁਝਾਇਆ ਗਿਆ ਅਤੇ ਨਾ ਇਸ ਨਾਲ ਪੈਦਾ ਹੋਏ ਮੁਸ਼ਕਲ ਹਾਲਾਤ ਦੀ ਜਾਣਕਾਰੀ ਦਿੱਤੀ। ਸਰਕਾਰ ਦੇ ਇਸ ਰਵੱਈਏ ਨੇ ਦੇਸ਼ ਦੀ ਜਨਤਾ ਦੇ ਸਾਹਮਣੇ ਦੁਵਿਧਾ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਰਣਦੀਪ ਨੇ ਕਿਹਾ ਕਿ ਲਾਕਡਾਊਨ ਕਾਰਨ ਲੋਕਾਂ ਦੇ ਸਾਹਮਣੇ ਰੋਜ਼ੀ-ਰੋਟੀ ਦੀ ਸਮੱਸਿਆ ਪੈਦਾ ਹੋ ਗਈ ਹੈ ਅਤੇ ਦੇਸ਼ ਦੇ ਸਾਹਮਣੇ ਆਰਥਿਕ ਸੰਕਟ ਖੜ੍ਹਾ ਹੋ ਗਿਆ ਹੈ। ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਕੋਲ ਇਸ ਸਥਿਤੀ ਨਾਲ ਨਜਿੱਠਣ ਦੀ ਕੀ ਯੋਜਨਾ ਹੈ। ਇਹ ਵੀ ਦੱਸਣਾ ਚਾਹੀਦਾ ਹੈ ਕਿ ਕੀ ਇਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਲਈ 17 ਮਈ ਤੱਕ ਕੋਈ ਸਾਰਥਕ ਅਤੇ ਫੈਸਲਾਕੁੰਨ ਕਦਮ ਚੁੱਕੇ ਜਾਣਗੇ।