ਜੈਰਾਮ ਰਮੇਸ਼ ਦਾ ਤੰਜ਼: ਅਮਰੀਕੀ ਪਾਪਾ ਨੇ ਵਾਰ ਰੁਕਵਾ ਦਿੱਤੀ ਕੀ?
Wednesday, May 14, 2025 - 11:58 AM (IST)

ਨਵੀਂ ਦਿੱਲੀ- ਕਾਂਗਰਸ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ 'ਵਿਚੋਲਗੀ' ਦਾ ਮੁੜ ਤੋਂ ਦਾਅਵਾ ਕੀਤੇ ਜਾਣ ਤੋਂ ਬਾਅਦ ਬੁੱਧਵਾਰ ਨੂੰ ਤੰਜ਼ ਕੱਸਦੇ ਹੋਏ ਕਿਹਾ ਕਿ 'ਅਮਰੀਕੀ ਪਾਪਾ ਨੇ ਵਾਰ ਰੁਕਵਾ ਦਿੱਤੀ ਕੀ?'' ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸਾਊਦੀ ਅਰਬ 'ਚ ਮੰਗਲਵਾਰ ਨੂੰ ਮੁੜ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਕਰਵਾਈ। ਨਾਲ ਹੀ ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਵਪਾਰ ਕਰਨ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕੀਤਾ,''ਕੁਝ ਦਿਨ ਪਹਿਲਾਂ ਸਾਨੂੰ ਪਾਕਿਸਤਾਨ ਨਾਲ ਜੰਗਬੰਦੀ ਦੀ ਜਾਣਕਾਰੀ ਅਮਰੀਕਾ ਦੇ ਰਾਸ਼ਟਰਪਤੀ ਤੋਂ ਮਿਲੀ ਸੀ। ਹੁਣ, ਕੱਲ੍ਹ ਸਾਊਦੀ ਅਰਬ 'ਚ ਇਕ ਜਨਤਕ ਪ੍ਰੋਗਰਾਮ ਦੌਰਾਨ ਰਾਸ਼ਟਰਪਤੀ ਟਰੰਪ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਪਾਬੰਦੀਆਂ ਅਤੇ ਵਪਾਰਕ ਸੌਦਿਆਂ ਦੇ ਲਾਲਚ ਅਤੇ ਧਮਕੀ ਦਾ ਇਸਤੇਮਾਲ ਕਰ ਕੇ ਭਾਰਤ ਨੂੰ ਇਸ ਜੰਗਬੰਦੀ ਲਈ ਮਜ਼ਬੂਰ ਕੀਤਾ ਅਤੇ ਬਲੈਕਮੇਲ ਕੀਤਾ।''
ਉਨ੍ਹਾਂ ਨੇ ਸਵਾਲ ਕੀਤਾ,''ਇਸ ਖ਼ੁਲਾਸੇ ਬਾਰੇ ਆਮ ਤੌਰ 'ਤੇ ਬੇਹੱਦ ਸਪੱਸ਼ਟ ਰਹਿਣ ਵਾਲੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਦਾ ਕੀ ਕਹਿਣਾ ਹੈ? ਕੀ ਉਨ੍ਹਾਂ ਨੇ ਅਮਰੀਕੀ ਦਬਾਅ ਦੇ ਸਾਹਮਣੇ ਭਾਰਤ ਦੇ ਸੁਰੱਖਿਆ ਹਿੱਤਾਂ ਨੂੰ ਗਿਰਵੀ ਰੱਖ ਦਿੱਤਾ? ਰਮੇਸ਼ ਨੇ ਤੰਜ਼ ਕੱਸਦੇ ਹੋਏ ਕਿਹਾ,''ਅਮਰੀਕੀ ਪਾਪਾ ਨੇ ਵਾਰ ਰੁਕਵਾ ਦਿੱਤੀ ਕੀ?'' ਬੀਤੀ 22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਅੱਤਵਾਦੀਆਂ ਨੇ 26 ਲੋਕਾਂ ਦਾ ਕਤਲ ਕਰ ਦਿੱਤਾ ਸੀ, ਜਿਨ੍ਹਾਂ 'ਚ ਜ਼ਿਆਦਾਤਰ ਸੈਲਾਨੀ ਸਨ। ਇਸ ਤੋਂ ਬਾਅਦ ਭਾਰਤ ਨੇ 'ਆਪਰੇਸ਼ਨ ਸਿੰਦੂਰ' ਮੁਹਿੰਮ ਚਲਾਈ ਅਤੇ ਪਾਕਿਸਤਾਨ ਤੇ ਉਸ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਕਈ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। 10 ਮਈ ਨੂੰ ਦੋਵਾਂ ਦੇਸ਼ਾਂ ਵਿਚਾਲੇ ਫ਼ੌਜ ਕਾਰਵਾਈ ਰੋਕਣ 'ਤੇ ਸਹਿਮਤੀ ਬਣੀ। ਭਾਰਤ ਸਰਕਾਰ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਫ਼ੌਜ ਆਪਰੇਸ਼ਨ ਡਾਇਰੈਕਟਰ ਜਨਰਲ (ਡੀਜੀਐੱਮਓ) ਦੇ ਸੰਪਰਕ ਕੀਤੇ ਜਾਣ ਤੋਂ ਬਾਅਦ ਫ਼ੌਜ ਕਾਰਵਾਈ ਰੋਕਣ 'ਤੇ ਸਹਿਮਤੀ ਬਣੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e