ਇਸ ਕਾਂਗਰਸ ਕੌਂਸਲਰ ਨੇ ਖੂਨ ਨਾਲ ਲਿਖੀ ਚਿੱਠੀ, ਰਾਹੁਲ ਗਾਂਧੀ ਨੂੰ ਦਿੱਤੀ ਜਾਵੇ ਪਾਰਟੀ ਦੀ ਕਮਾਨ
Monday, Aug 24, 2020 - 06:55 PM (IST)
ਨਵੀਂ ਦਿੱਲੀ— ਸੋਮਵਾਰ ਯਾਨੀ ਕਿ ਅੱਜ ਕਾਂਗਰਸ ਪਾਰਟੀ ਦੀ ਬੈਠਕ ਹੋਈ, ਜੋ ਕਿ ਕਰੀਬ 7 ਘੰਟੇ ਚੱਲੀ। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕਾਂਗਰਸ ਕਾਰਜ ਕਮੇਟੀ (ਸੀ. ਡਬਲਿਊ. ਸੀ.) ਦੀ ਬੈਠਕ 'ਚ ਅਹੁਦਾ ਛੱਡਣ ਦੀ ਪੇਸ਼ਕਸ਼ ਕੀਤੀ। ਹਾਲਾਂਕਿ ਬੈਠਕ ਵਿਚ ਫ਼ੈਸਲਾ ਲਿਆ ਗਿਆ ਹੈ ਕਿ ਫ਼ਿਲਹਾਲ ਸੋਨੀਆ ਗਾਂਧੀ ਹੀ ਕਾਂਗਰਸ ਦੀ ਅੰਤਰਿਮ ਪ੍ਰਧਾਨ ਬਣੀ ਰਹੇਗੀ। 7 ਘੰਟਿਆਂ ਦੀ ਲੰਬੀ ਬੈਠਕ ਮਗਰੋਂ ਇਹ ਫ਼ੈਸਲਾ ਲਿਆ ਗਿਆ। ਉੱਥੇ ਹੀ ਬੈਠਕ 'ਚ ਲੀਡਰਸ਼ਿਪ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਦੋ ਖੇਮਿਆਂ 'ਚ ਵੰਡੀ ਹੋਈ ਨਜ਼ਰ ਆਈ।
ਇਸ ਦਰਮਿਆਨ ਦਿੱਲੀ ਛਾਉਣੀ ਤੋਂ ਕਾਂਗਰਸ ਕੌਂਸਲਰ ਸੰਦੀਪ ਤੰਵਰ ਨੇ ਆਪਣੇ ਖੂਨ ਨਾਲ ਇਕ ਚਿੱਠੀ ਲਿਖ ਕੇ ਰਾਹੁਲ ਗਾਂਧੀ ਦੇ ਹੱਥ ਪਾਰਟੀ ਦੀ ਕਮਾਨ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਨਹੀਂ ਬਣਾਇਆ ਗਿਆ ਤਾਂ ਇਹ ਫ਼ੈਸਲਾ ਪਾਰਟੀ ਦੇ ਖ਼ਿਲਾਫ ਹੋਵੇਗਾ।ਸੰਦੀਪ ਨੇ ਚਿੱਠੀ ਵਿਚ ਲਿਖਿਆ ਕਿ ਰਾਹੁਲ ਗਾਂਧੀ ਨੇ ਪਾਰਟੀ ਨੂੰ ਆਪਣੇ ਖੂਨ-ਪਸੀਨੇ ਨਾਲ ਖੜ੍ਹਾ ਕੀਤਾ ਹੈ। ਬੁਰੇ ਸਮੇਂ ਵਿਚ ਦੇਸ਼ ਦੇ ਲੋਕਾਂ ਦੀ ਆਵਾਜ਼ ਸੜਕ ਤੋਂ ਸੰਸਦ ਤੱਕ ਚੁੱਕੀ ਹੈ। ਜੇਕਰ ਰਾਹੁਲ ਗਾਂਧੀ ਨੂੰ ਪ੍ਰਧਾਨ ਨਹੀਂ ਬਣਾਇਆ ਗਿਆ ਤਾਂ ਇਹ ਫ਼ੈਸਲਾ ਪਾਰਟੀ ਹਿੱਤ 'ਚ ਨਹੀਂ ਹੋਵੇਗਾ।
ਦੱਸਣਯੋਗ ਹੈ ਕਿ ਰਾਹੁਲ ਗਾਂਧੀ ਨੇ 2019 ਦੀਆਂ ਲੋਕ ਸਭਾ ਚੋਣਾਂ 'ਚ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਲੈਣ ਮਗਰੋਂ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਆਪਣਾ ਅਸਤੀਫ਼ਾ ਦਿੰਦੇ ਸਮੇਂ ਉਨ੍ਹਾਂ ਨੇ ਪਾਰਟੀ ਤੋਂ ਗੈਰ-ਗਾਂਧੀ ਨੂੰ ਅਗਲੇ ਮੁਖੀ ਦੇ ਰੂਪ 'ਚ ਚੁਣਨ ਦੀ ਅਪੀਲ ਕੀਤੀ ਸੀ। ਹਾਲਾਂਕਿ ਜਿਸ ਤੋਂ ਬਾਅਦ ਸੋਨੀਆ ਗਾਂਧੀ ਨੂੰ ਪਾਰਟੀ ਦੀ ਅੰਤਰਿਮ ਪ੍ਰਧਾਨ ਬਣਾਇਆ ਗਿਆ। ਹੁਣ ਇਕ ਵਾਰ ਫਿਰ ਰਾਹੁਲ ਨੂੰ ਪ੍ਰਧਾਨ ਬਣਾਉਣ ਦੀ ਮੰਗ ਉਠ ਰਹੀ ਹੈ।