ਕਾਂਗਰਸ ਨੂੰ ਵੱਡਾ ਝਟਕਾ, ਆਸ਼ਾਬੇਨ ਪਟੇਲ ਨੇ ਦਿੱਤਾ ਅਸਤੀਫਾ
Saturday, Feb 02, 2019 - 04:06 PM (IST)
ਗਾਂਧੀਨਗਰ— ਗੁਜਰਾਤ 'ਚ ਉਂਝਾ ਤੋਂ ਕਾਂਗਰਸ ਵਿਧਾਇਕ ਡਾ. ਆਸ਼ਾਬੇਨ ਪਟੇਲ ਨੇ ਸ਼ਨੀਵਾਰ ਨੂੰ ਅਸਤੀਫਾ ਦੇ ਦਿੱਤਾ ਹੈ। ਉਂਝਾ ਸੀਟ ਤੋਂ ਚੋਣਾਂ ਜਿੱਤਣ ਵਾਲੀ ਡਾ. ਆਸ਼ਾਬੇਨ ਪਟੇਲ ਪਹਿਲੀ ਵਾਰ ਵਿਧਾਇਕ ਬਣੀ ਸੀ। ਗੁਜਰਾਤ ਦੇ ਪਟੇਲ ਭਾਈਚਾਰੇ 'ਚ ਉਨ੍ਹਾਂ ਦੀ ਚੰਗੀ ਪਕੜ ਹੈ ਅਤੇ ਸਮਾਜਿਕ ਵਰਕਰ ਦੇ ਰੂਪ 'ਚ ਉਨ੍ਹਾਂ ਦੀ ਪਛਾਣ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਇਹ ਵੱਡਾ ਝਟਕਾ ਲੱਗਾ ਹੈ। ਆਸ਼ਾਬੇਨ ਪਟੇਲ ਨੇ ਸ਼ਨੀਵਾਰ ਦੀ ਸਵੇਰ ਵਿਧਾਨ ਸਭਾ ਸਪੀਕਰ ਰਾਜੇਂਦਰ ਤ੍ਰਿਵੇਦੀ ਨੂੰ ਮਿਲ ਕੇ ਉਨ੍ਹਾਂ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਵਿਧਾਨ ਸਭਾ ਸਪੀਕਰ ਨੇ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਕਾਂਗਰਸ ਦੀ ਉਂਝਾ ਸੀਟ ਤੋਂ ਆਸ਼ਾਬੇਨ ਨੇ ਭਾਜਪਾ ਦੇ ਸੀਨੀਅਰ ਨੇਤਾ ਨਾਰਾਇਣ ਭਾਈ ਪਟੇਲ ਨੂੰ 19 ਹਜ਼ਾਰ ਤੋਂ ਵਧ ਵੋਟਾਂ ਨਾਲ ਹਰਾਇਆ ਸੀ।
ਵਿਧਾਇਕ ਅਹੁਦੇ ਤੋਂ ਅਸਤੀਫਾ ਦੇਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਉਨ੍ਹਾਂ ਦੇ ਭਾਜਪਾ 'ਚ ਸ਼ਾਮਲ ਹੋਣ ਦੀ ਚਰਚਾ ਜ਼ੋਰਾਂ 'ਤੇ ਹੈ। ਉਨ੍ਹਾਂ ਦੇ ਅਸਤੀਫਾ ਦੇਣ ਨਾਲ ਗੁਜਰਾਤ ਵਿਧਾਨ ਸਭਾ 'ਚ ਕਾਂਗਰਸ ਦੇ ਵਿਧਾਇਕ ਦੀ ਗਿਣਤੀ 76 ਹੋ ਗਈ ਹੈ। ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਜੀਤੂ ਭਾਈ ਵਾਘਾਨੀ ਨੇ ਕਾਂਗਰਸ 'ਤੇ ਵਾਰ ਕਰਦੇ ਹੋਏ ਕਿਹਾ ਕਿ ਕਾਂਗਰਸ ਤੋਂ ਜਨਤਾ ਦੁਖੀ ਹੈ। ਰਾਹੁਲ ਗਾਂਧੀ ਦੀ ਅਗਵਾਈ 'ਤੇ ਵਿਧਾਇਕਾਂ ਨੇ ਸਵਾਲ ਪੈਦਾ ਕੀਤੇ ਹਨ। ਕਾਂਗਰਸ 'ਚ ਸਮਰੱਥ ਨੇਤਾਵਾਂ ਨੂੰ ਹਮੇਸ਼ਾ ਤੋਂ ਨਜ਼ਰਅੰਦਾਜ ਕੀਤਾ ਜਾਂਦਾ ਹੈ। ਇਸ ਤੋਂ ਦੁਖੀ ਆਸ਼ਾਬੇਨ ਪਟੇਲ ਨੇ ਵਿਧਾਇਕ ਅਹੁਦੇ ਤੋਂ ਅਸਤੀਫਾ ਦਿੱਤਾ ਹੈ।
