ਜੈਰਾਮ ਠਾਕੁਰ ਬੋਲੇ- ਕਾਂਗਰਸ ਇਕ ਡੁੱਬਦਾ ਜਹਾਜ਼, ਜ਼ਿਆਦਾ ਆਗੂ ਛੱਡ ਰਹੇ ਪਾਰਟੀ
Sunday, Oct 09, 2022 - 01:24 PM (IST)
ਚੰਬਾ (ਬਿਊਰੋ)– ਭਾਜਪਾ ਦੇ ਪ੍ਰੋਗਰਾਮਾਂ ’ਚ ਉਮੜ ਰਹੀ ਭੀੜ ਨੂੰ ਵੇਖ ਕੇ ਵਿਰੋਧੀ ਧਿਰ ਦੇ ਆਗੂ ਪਰੇਸ਼ਾਨ ਹਨ। ਉਨ੍ਹਾਂ ਨੂੰ ਚੋਣਾਂ ਤੋਂ ਪਹਿਲਾਂ ਹੀ ਹਾਰ ਦਾ ਡਰ ਲੱਗ ਰਿਹਾ ਹੈ। ਜਿਸ ਕਾਰਨ ਕਾਂਗਰਸ ਦੇ ਵੱਡੇ ਆਗੂ ਪਾਰਟੀ ਛੱਡ ਰਹੇ ਹਨ। ਇਹ ਗੱਲ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਇਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਆਖੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਇਕ ਡੁੱਬਦਾ ਜਹਾਜ਼ ਹੈ ਅਤੇ ਉਸ ਦੇ ਜ਼ਿਆਦਾਤਰ ਆਗੂ ਪਾਰਟੀ ਛੱਡ ਰਹੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਕਾਂਗਰਸ ਪਾਰਟੀ ਇਕ ਭਵਿੱਖਹੀਨ ਪਾਰਟੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ 4 ਕਾਰਜਕਾਰੀ ਪ੍ਰਧਾਨਾਂ ’ਚੋਂ 2 ਭਾਜਪਾ ’ਚ ਸ਼ਾਮਲ ਹੋ ਚੁੱਕੇ ਹਨ। ਦੇਸ਼ ਦੀ ਜਨਤਾ ਅਜਿਹੀ ਪਾਰਟੀ ਨੂੰ ਕਿਉਂ ਚੁਣੇ, ਜਿਸ ਦਾ ਰਾਸ਼ਟਰੀ ਆਗੂ ਕਣਕ ਦੇ ਆਟੇ ਨੂੰ ਲੀਟਰ ’ਚ ਮਾਪਣ ਦੀ ਗੱਲ ਕਰਦਾ ਹੋਵੇ। ਉਨ੍ਹਾਂ ਕਿਹਾ ਕਿ ਪ੍ਰਦੇਸ਼ ਦੀ ਜਨਤਾ ਨੇ ਇਕ ਵਾਰ ਫਿਰ ਤੋਂ ਭਾਜਪਾ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ।
ਮੁੱਖ ਮੰਤਰੀ ਜੈਰਾਮ ਨੇ ਬਿਨਾਂ ਨਾਂ ਲਏ ਕਿਹਾ ਕਿ ਪ੍ਰਦੇਸ਼ ’ਚ ਕਾਂਗਰਸ ਦੇ ਇਕ ਨੌਜਵਾਨ ਆਗੂ ਦਾ ਦਾਅਵਾ ਹੈ ਕਿ ਵੀਰਭੱਦਰ ਸਿੰਘ ਵਰਗਾ ਵੱਡਾ ਆਗੂ ਵੀ ਸਰਕਾਰ ਨੂੰ ਮੁੜ ਸੱਤਾ ’ਚ ਨਹੀਂ ਲਿਆ ਸਕਿਆ ਤਾਂ ਉਨ੍ਹਾਂ ਵਰਗਾ ਆਮ ਆਦਮੀ ਇਸ ਉਪਲੱਬਧੀ ਨੂੰ ਕਿਵੇਂ ਹਾਸਲ ਕਰ ਸਕਦਾ ਹੈ। ਉਨ੍ਹਾਂ ਨੇ ਪ੍ਰਦੇਸ਼ ਦੇ ਲੋਕਾਂ ਨੂੰ ਅਜਿਹੇ ਆਗੂਆਂ ਨੂੰ ਮੂੰਹ ਤੋੜ ਜਵਾਬ ਦੇਣ ਦੀ ਅਪੀਲ ਕੀਤੀ। ਜੈਰਾਮ ਨੇ ਕਿਹਾ ਕਿ ਪ੍ਰਦੇਸ਼ ਸਰਕਾਰ ਪੇਂਡੂ ਖੇਤਰਾਂ ਦੇ ਸਾਰੇ ਉਪਭੋਗਤਾਵਾਂ ਨੂੰ ਮੁਫ਼ਤ ਪਾਣੀ ਉਪਲੱਬਧ ਕਰਵਾ ਰਹੀ ਹੈ, ਜੋ ਕਿ ਕਾਂਗਰਸ ਆਗੂਆਂ ਨੂੰ ਹਜ਼ਮ ਨਹੀਂ ਹੋ ਰਿਹਾ। ਉਹ ਸੂਬਾ ਸਰਕਾਰ ’ਤੇ ਲੋਕਾਂ ਨੂੰ ਮੁਫ਼ਤ ਦੀ ਆਦਤ ਪਾਉਣ ਦਾ ਵੀ ਦੋਸ਼ ਲਾ ਰਹੇ ਹਨ। ਹੁਣ ਵਿਧਾਨ ਸਭਾ ਚੋਣਾਂ ਨੂੰ ਵੇਖਦੇ ਹੋਏ ਇਹ ਹੀ ਕਾਂਗਰਸੀ ਆਗੂ ਦਾਅਵਾ ਕਰ ਰਹੇ ਹਨ ਕਿ ਸੱਤਾ ’ਚ ਆਉਣ ’ਤੇ ਉਹ 300 ਯੂਨਿਟ ਮੁਫ਼ਤ ਬਿਜਲੀ ਦੇਣਗੇ। ਉਨ੍ਹਾਂ ਨੇ ਜਨਤਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥਾਂ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ, ਤਾਂ ਕਿ ਕੇਂਦਰ ਅਤੇ ਸੂਬੇ ’ਚ ਡਬਲ ਇੰਜਣ ਦੀ ਸਰਕਾਰ ਬਿਨਾਂ ਕਿਸੇ ਰੁਕਾਵਟ ਦੇ ਵਿਕਾਸ ਕਾਰਜਾਂ ਨੂੰ ਜਾਰੀ ਰੱਖ ਸਕੇ।