ਬੰਗਲਾਦੇਸ਼ ’ਚ ਹਿੰਦੂਆਂ ਦੀ ਹਾਲਤ ਮਾੜੀ, ਸੰਯੁਕਤ ਰਾਸ਼ਟਰ ਦਖਲ ਦੇਵੇ : ਆਰ. ਐੱਸ. ਐੱਸ.

Sunday, Mar 23, 2025 - 12:41 AM (IST)

ਬੰਗਲਾਦੇਸ਼ ’ਚ ਹਿੰਦੂਆਂ ਦੀ ਹਾਲਤ ਮਾੜੀ, ਸੰਯੁਕਤ ਰਾਸ਼ਟਰ ਦਖਲ ਦੇਵੇ : ਆਰ. ਐੱਸ. ਐੱਸ.

ਬੈਂਗਲੁਰੂ, (ਏਜੰਸੀਆਂ)- ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੀ ਤਿੰਨ ਦਿਨਾਂ ਸਾਲਾਨਾ ਮੀਟਿੰਗ ਦੌਰਾਨ ਬੰਗਲਾਦੇਸ਼ ’ਚ ਸ਼ੇਖ ਹਸੀਨਾ ਦੇ ਤਖ਼ਤਾਪਲਟ ਤੋਂ ਬਾਅਦ ਉੱਥੇ ਹਿੰਦੂ ਘੱਟ ਗਿਣਤੀਆਂ ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਸ਼ਨੀਵਾਰ ਆਵਾਜ਼ ਉਠਾਈ ਗਈ।

ਸੰਘ ਦੀ ਅਖਿਲ ਭਾਰਤੀ ਪ੍ਰਤੀਨਿਧੀ ਸਭਾ ਨੇ ਬੰਗਲਾਦੇਸ਼ ਦੇ ਹਿੰਦੂ ਭਾਈਚਾਰੇ ਨਾਲ ਇਕਜੁੱਟਤਾ ਪ੍ਰਗਟ ਕਰਦੇ ਹੋਏ ਇਕ ਮਤਾ ਪਾਸ ਕੀਤਾ ਤੇ ਭਾਰਤ ਸਰਕਾਰ ਤੋਂ ਉਨ੍ਹਾਂ ਦੀ ਸੁਰੱਖਿਆ ਦੀ ਮੰਗ ਕੀਤੀ।

ਸੰਘ ਨੇ ਕਿਹਾ ਕਿ ਹਿੰਦੂਆਂ ਵਿਰੁੱਧ ਅੱਤਿਆਚਾਰ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਹੈ। ਮਤੇ ’ਚ ਕਿਹਾ ਗਿਆ ਹੈ ਕਿ ਅਖਿਲ ਭਾਰਤੀ ਪ੍ਰਤੀਨਿਧੀ ਸਭਾ ਬੰਗਲਾਦੇਸ਼ ’ਚ ਕੱਟੜਪੰਥੀ ਇਸਲਾਮੀ ਅਨਸਰਾਂ ਹੱਥੋਂ ਹਿੰਦੂਆਂ ਤੇ ਹੋਰ ਘੱਟ ਗਿਣਤੀ ਭਾਈਚਾਰਿਆਂ ’ਤੇ ਲਗਾਤਾਰ ਤੇ ਯੋਜਨਾਬੱਧ ਢੰਗ ਨਾਲ ਹੋ ਰਹੀ ਹਿੰਸਾ, ਬੇਇਨਸਾਫ਼ੀ ਅਤੇ ਜ਼ੁਲਮ ’ਤੇ ਡੂੰਘੀ ਚਿੰਤਾ ਪ੍ਰਗਟ ਕਰਦੀ ਹੈ।

ਸੰਘ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਨੂੰ ਸਿਰਫ਼ ਸਿਅਾਸੀ ਦੱਸ ਕੇ ਉਨ੍ਹਾਂ ਦੇ ਧਾਰਮਿਕ ਪੱਖ ਤੋਂ ਇਨਕਾਰ ਕਰਨਾ ਸੱਚਾਈ ਤੋਂ ਇਨਕਾਰ ਕਰਨ ਦੇ ਬਰਾਬਰ ਹੈ, ਕਿਉਂਕਿ ਅਜਿਹੀਆਂ ਘਟਨਾਵਾਂ ਦੇ ਪੀੜਤ ਵੱਡੀ ਗਿਣਤੀ ’ਚ ਹਿੰਦੂ ਤੇ ਹੋਰ ਘੱਟ ਗਿਣਤੀ ਭਾਈਚਾਰੇ ਦੇ ਹਨ।

ਮਤੇ ’ਚ ਕਿਹਾ ਗਿਆ ਹੈ ਕਿ ਕੁਝ ਅੰਤਰਰਾਸ਼ਟਰੀ ਤਾਕਤਾਂ ਜਾਣਬੁੱਝ ਕੇ ਇਕ ਦੇਸ਼ ਨੂੰ ਦੂਜੇ ਦੇ ਵਿਰੁੱਧ ਖੜ੍ਹਾ ਕਰ ਕੇ ਤੇ ਬੇਭਰੋਸਗੀ ਤੇ ਟਕਰਾਅ ਦਾ ਮਾਹੌਲ ਪੈਦਾ ਕਰ ਕੇ ਭਾਰਤ ਦੇ ਆਂਢ-ਗੁਆਂਢ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।

ਪ੍ਰਤੀਨਿਧੀ ਸਭਾ ਦਾ ਵਿਚਾਰ ਹੈ ਕਿ ਸੰਯੁਕਤ ਰਾਸ਼ਟਰ ਤੇ ਵਿਸ਼ਵ ਭਾਈਚਾਰੇ ਵਰਗੇ ਅੰਤਰਰਾਸ਼ਟਰੀ ਸੰਗਠਨਾਂ ਨੂੰ ਬੰਗਲਾਦੇਸ਼ ’ਚ ਹਿੰਦੂਆਂ ਤੇ ਹੋਰ ਘੱਟ ਗਿਣਤੀ ਭਾਈਚਾਰਿਆਂ ਨਾਲ ਕੀਤੇ ਜਾ ਰਹੇ ਅਣਮਨੁੱਖੀ ਵਤੀਰੇ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਤੇ ਬੰਗਲਾਦੇਸ਼ ਸਰਕਾਰ ’ਤੇ ਇਨ੍ਹਾਂ ਹਿੰਸਕ ਸਰਗਰਮੀਆਂ ਨੂੰ ਰੋਕਣ ਲਈ ਦਬਾਅ ਪਾਉਣਾ ਚਾਹੀਦਾ ਹੈ।

ਹੱਦਬੰਦੀ ਦੇ ਮਾਮਲੇ ’ਚ ਸਾਰਿਆਂ ਨੂੰ ਨਾਲ ਲੈਣਾ ਚਾਹੀਦੈ

ਦੱਖਣ ’ਚ ਹੱਦਬੰਦੀ ਦੇ ਚੱਲ ਰਹੇ ਵਿਵਾਦ ਬਾਰੇ ਸੰਘ ਦੇ ਜੁਅਾਇੰਟ ਜਨਰਲ ਸਕੱਤਰ ਅਰੁਣ ਕੁਮਾਰ ਨੇ ਕਿਹਾ ਕਿ ਹੱਦਬੰਦੀ' ਬਾਰੇ ਬੇਲੋੜੇ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਹਨ। ਸਾਨੂੰ ਸਮਾਜ ’ਚ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਨੀ ਚਾਹੀਦੀ ਹੈ । ਬੇਭਰੋਸਗੀ ਪੈਦਾ ਕਰਨ ਤੋਂ ਬਚਣਾ ਚਾਹੀਦਾ ਹੈ।

ਉਨ੍ਹਾਂ ਚੇਨਈ ’ਚ ਹੱਦਬੰਦੀ ਦੀ ਪ੍ਰਕਿਰਿਆ ਬਾਰੇ ਚਰਚਾ ਕਰ ਰਹੇ ਲੋਕਾਂ ਕੋਲੋਂ ਪੁੱਛਿਆ ਕਿ ਕੀ ਇਹ ਉਨ੍ਹਾਂ ਦਾ ਕੋਈ ਸਿਅਾਸੀ ਏਜੰਡਾ ਸੀ ਜਾਂ ਕੀ ਉਹ ਇਸ ਬਾਰੇ ਸੱਚਮੁੱਚ ਚਿੰਤਤ ਸਨ? ਕੁਮਾਰ ਨੇ ਇਨ੍ਹਾਂ ਆਗੂਆਂ ਨੂੰ ਅਜਿਹੀਆਂ ਚਰਚਾਵਾਂ ਤੋਂ ਬਚਣ ਲਈ ਕਿਹਾ ਕਿਉਂਕਿ ਕੇਂਦਰ ਨੇ ਅਜੇ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਹੈ।


author

Rakesh

Content Editor

Related News