'ਦਿਲ ਸੇ ਬੁਰਾ ਲਗਤਾ ਹੈ' ਵਾਲੇ ਕਾਮੇਡੀਅਨ ਦੇਵਰਾਜ ਪਟੇਲ ਦੀ ਹੋਈ ਮੌਤ, ਵੀਡੀਓ ਬਣਾ ਕੇ ਪਰਤ ਰਿਹਾ ਸੀ ਘਰ
Tuesday, Jun 27, 2023 - 12:21 AM (IST)
ਰਾਏਪੁਰ (ਭਾਸ਼ਾ): ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਚ ਸੋਮਵਾਰ ਨੂੰ ਇਕ ਸੜਕ ਹਾਦਸੇ ਵਿਚ 22 ਸਾਲਾ ਮਸ਼ਹੂਰ ਯੂਟਿਊਬਰ ਦੇਵਰਾਜ ਪਟੇਲ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦੇਵਰਾਜ ਪਟੇਲ ਵੀਡੀਓ ਬਣਾਉਣ ਲਈ ਨਯਾ ਰਾਏਪੁਰ ਗਿਆ ਸੀ। ਜਦੋਂ ਉਹ ਸ਼ਹਿਰ ਦੇ ਅਵੰਤੀ ਵਿਹਾਰ ਕਲੋਨੀ ਸਥਿਤ ਆਪਣੇ ਕਿਰਾਏ ਦੇ ਮਕਾਨ ਨੂੰ ਪਰਤ ਰਿਹਾ ਸੀ ਤਾਂ ਲਾਭਾਂਡੀ ਇਲਾਕੇ ਵਿਚ ਦੁਪਹਿਰ ਤਕਰੀਬਨ ਸਾਢੇ 3 ਵਜੇ ਇਕ ਟਰੱਕ ਨੇ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਅਮਰੀਕਾ 'ਚ ਡਾ. ਬੀ.ਆਰ. ਅੰਬੇਡਕਰ ਦੇ ਨਾਂ 'ਤੇ ਬਣੀ ਸੜਕ ਦਾ ਉਦਘਾਟਨ ਕਰਨ ਪੁੱਜੇ ਵਿਧਾਇਕ ਕੁਲਵੰਤ ਸਿੰਘ
ਇਸ ਘਟਨਾ ਵਿਚ ਮੋਟਰਸਾਈਕਲ ਦੇ ਪਿੱਛੇ ਬੈਠਾ ਪਟੇਲ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਮੋਟਰਸਾਈਕਲ ਚਾਲਕ ਨੇ ਐਂਬੂਲੈਂਸ ਨੂੰ ਫ਼ੋਨ ਕੀਤਾ। ਪਟੇਲ ਨੂੰ ਹਸਪਾਤਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਘਟਨਾ ਬਾਰੇ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਭੁਪੇਸ਼ ਬਘੇਲ ਵੱਲੋਂ ਦੁੱਖ ਦਾ ਪ੍ਰਗਟਾਵਾ
ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਆਪਣੇ ਸ਼ੋਕ ਸੁਨੇਹੇ ਵਿਚ ਕਿਹਾ, "ਦਿਲ ਸੇ ਪੁਰਾ ਲਗਤਾ ਹੈ, ਨਾਲ ਕਰੋੜਾਂ ਲੋਕਾਂ ਵਿਚ ਆਪਣੀ ਜਗ੍ਹਾ ਬਣਾਉਣ ਵਾਲੇ, ਸਾਨੂੰ ਸਾਰਿਆਂ ਨੂੰ ਹਸਾਉਣ ਵਾਲੇ ਦੇਵਰਾਜ ਪਟੇਲ ਅੱਜ ਸਾਡੇ ਵਿਚੋਂ ਚਲੇ ਗਏ। ਇਸ ਛੋਟੀ ਉਮਰ ਵਿਚ ਵਿਲੱਖਣ ਪ੍ਰਤੀਭਾ ਦਾ ਨੁਕਸਾਨ ਬੜਾ ਦੁਖਦਾਈ ਹੈ। ਪਰਮਾਤਮਾ ਉਨ੍ਹਾਂ ਦੇ ਪਰਿਵਾਰ ਤੇ ਚਾਹੁਣ ਵਾਲਿਆਂ ਨੂੰ ਇਹ ਦੁੱਖ ਸਹਿਣ ਦੀ ਸ਼ਕਤੀ ਦੇਵੇ। ਓਮ ਸ਼ਾਂਤੀ।" ਜ਼ਿਕਰਯੋਗ ਹੈ ਕਿ 2021 ਵਿਚ ਦੇਵਰਾਜ ਪਟੇਲ ਨੇ ਮੁੱਖ ਮੰਤਰੀ ਬਘੇਲ ਦੇ ਨਾਲ ਉਨ੍ਹਾਂ ਦੇ ਸਰਕਾਰੀ ਘਰ ਵਿਚ ਇਕ ਵੀਡੀਓ ਸ਼ੂਟ ਕੀਤੀ ਸੀ ਜਿਸ ਵਿਚ ਉਸ ਨੇ ਕਿਹਾ ਸੀ, "ਛਤੀਸਗੜ੍ਹ ਵਿਚ ਸਿਰਫ਼ 2 ਵਿਅਕਤੀ ਮਸ਼ਹੂਰ ਹਨ, ਮੈਂ ਤੇ ਸਾਡੇ ਕਕਾ (ਬਘੇਲ ਨੂੰ ਸੂਬੇ ਵਿਚ ਕਾਕਾ ਕਿਹਾ ਜਾਂਦਾ ਹੈ, ਜਿਸ ਦਾ ਮਤਲਬ ਹੁੰਦਾ ਹੈ ਚਾਚਾ।)"
ਇਹ ਖ਼ਬਰ ਵੀ ਪੜ੍ਹੋ - ਵੱਡੀ ਖ਼ਬਰ: ਪਾਕਿ 'ਚ ਸਿੱਖਾਂ 'ਤੇ ਹਮਲਿਆਂ ਨੂੰ ਲੈ ਕੇ ਭਾਰਤ ਸਰਕਾਰ ਸਖ਼ਤ, ਹਾਈ ਕਮਿਸ਼ਨ ਨੂੰ ਕੀਤਾ ਤਲਬ
ਭੁਵਨ ਬਾਮ ਨਾਲ ਵੀ ਕਰ ਚੁੱਕਾ ਹੈ ਕੰਮ
ਦੇਵਰਾਜ ਪਟੇਲ ਨੂੰ ਆਪਣੇ ਮਜ਼ਾਕੀਆ ਅੰਦਾਜ਼ ਅਤੇ ਗੱਲ ਕਰਨ ਦੇ ਢੰਗ ਲਈ ਜਾਣਿਆ ਜਾਂਦਾ ਸੀ। ਕੁੱਝ ਸਾਲ ਪਹਿਲਾਂ ਹੀ ਉਸ ਦੀ ਇਕ ਵੀਡੀਓ 'ਦਿਲ ਸੇ ਬੁਰਾ ਲਗਤਾ ਹੈ ਭਾਈ' ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਸੀ ਜਿਸ ਤੋਂ ਉਹ ਮਸ਼ਹੂਰ ਹੋਇਆ। ਇਸ ਤੋਂ ਇਲਾਵਾ ਉਹ ਮਸ਼ਹੂਰ ਯੂਟਿਊਬਰ ਭੁਵਮ ਬਾਮ ਨਾਲ ਕਾਮੇਡੀ ਵੈੱਬ ਸੀਰੀਜ਼ 'ਢਿੰਢੋਰਾ' ਵਿਚ ਵੀ ਕੰਮ ਕਰ ਚੁੱਕਿਆ ਹੈ। ਪਟੇਲ ਦੇ ਯੂਟਿਊਬ ਚੈਨਲ ਦਾ ਨਾਂ 'ਦਿਲ ਸੇ ਬੁਰਾ ਲਗਤਾ ਹੈ' ਹੈ ਜਿਸ 'ਤੇ 4 ਲੱਖ ਤੋਂ ਵੱਧ ਸਬਸਕ੍ਰਾਈਬਰਜ਼ ਹਨ ਤੇ 8.80 ਕਰੋੜ ਤੋਂ ਵੱਧ ਵਾਰ ਵੇਖਿਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।