ਲੈਕਚਰ ਦੌਰਾਨ ਮੋਬਾਈਲ ''ਚ ਰੁੱਝੇ ਸਨ ਵਿਦਿਆਰਥੀ, ਪ੍ਰਿੰਸੀਪਲ ਨੇ ਹਥੌੜੇ ਨਾਲ ਤੋੜੇ 16 ਫੋਨ
Sunday, Sep 15, 2019 - 06:14 PM (IST)

ਬੈਂਗਲੁਰੂ— ਅੱਜ ਦੇ ਸਮੇਂ ਵਿਚ ਮੋਬਾਈਲ ਫੋਨ ਸਾਡੀ ਜ਼ਿੰਦਗੀ ਦਾ ਇਕ ਜ਼ਰੂਰੀ ਹਿੱਸਾ ਬਣ ਗਿਆ ਹੈ, ਜਿਸ ਦੇ ਬਿਨਾਂ ਅਸੀਂ ਜਾਂ ਤੁਸੀਂ ਕੁਝ ਮਿੰਟ ਕੀ ਕੁਝ ਸੈਕਿੰਡ ਵੀ ਬਹੁਤ ਮੁਸ਼ਕਲ ਨਾਲ ਲੰਘਾਉਂਦੇ ਹਾਂ ਜਾਂ ਇੰਝ ਕਹਿ ਲਿਆ ਜਾਵੇ ਕਿ ਸਾਨੂੰ ਇਸ ਦੀ ਇਸ ਕਦਰ ਆਦਤ ਪੈ ਗਈ ਹੈ ਕਿ ਇਕ-ਇਕ ਸੈਕਿੰਡ 'ਚ ਮੋਬਾਈਲ ਫੋਨ ਨੂੰ ਚੈੱਕ ਕੀਤੇ ਬਿਨਾਂ ਨਹੀਂ ਰਹਿੰਦੇ। ਕੁਝ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ ਕਰਨਾਟਕ ਦੇ ਇਕ ਕਾਲਜ ਵਿਚ, ਜਿੱਥੇ ਲੈਕਚਰ ਦੌਰਾਨ ਵਿਦਿਆਰਥੀ ਪੂਰੀ ਤਰ੍ਹਾਂ ਨਾਲ ਆਪਣੇ ਮੋਬਾਈਲ ਫੋਨ 'ਚ ਰੁੱਝੇ ਹੋਏ ਸਨ ਅਤੇ ਇਹ ਗੱਲ ਕਾਲਜ ਦੇ ਪ੍ਰਿੰਸੀਪਲ ਨੂੰ ਜ਼ਰਾ ਵੀ ਚੰਗੀ ਨਹੀਂ ਲੱਗੀ। ਪ੍ਰਿੰਸੀਪਲ ਨੇ ਵਿਦਿਆਰਥੀਆਂ ਦੇ ਮੋਬਾਈਲ ਫੋਨ ਲੈ ਲਏ ਅਤੇ ਹਥੌੜਾ ਮੰਗਵਾਇਆ ਅਤੇ ਫਿਰ ਵਿਦਿਆਰਥੀਆਂ ਸਾਹਮਣੇ ਹੀ ਉਨ੍ਹਾਂ ਦੇ 16 ਮੋਬਾਈਲ ਫੋਨਾਂ ਨੂੰ ਤੋੜ ਦਿੱਤਾ। ਇਸ ਦੀ ਵੀਡੀਓ ਕਲਿੱਪ ਵੀ ਵਾਇਰਲ ਹੋਈ ਹੈ, ਜਿਸ ਵਿਚ ਪ੍ਰਿੰਸੀਪਲ ਹਥੌੜੇ ਨਾਲ ਮੋਬਾਈਲ ਤੋੜ ਰਹੇ ਹਨ।
ਪ੍ਰਿੰਸੀਪਲ ਜਮਾਤ 'ਚ ਲੈਕਚਰ ਦੌਰਾਨ ਵਿਦਿਆਰਥੀਆਂ ਵਲੋਂ ਮੋਬਾਈਲ ਇਸਤੇਮਾਲ ਕਰਨ ਤੋਂ ਕਾਫੀ ਪਰੇਸ਼ਾਨ ਸਨ ਅਤੇ ਉਨ੍ਹਾਂ ਕੋਲ ਇਸ ਦੀਆਂ ਕਈ ਸ਼ਿਕਾਇਤਾਂ ਵੀ ਆਈਆਂ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਜਮਾਤ ਵਿਚ ਲੈਕਚਰ ਦੌਰਾਨ ਕੋਈ ਵੀ ਵਿਦਿਆਰਥੀ ਮੋਬਾਈਲ ਦਾ ਇਸਤੇਮਾਲ ਕਰਦੇ ਹੋਏ ਫੜਿਆ ਗਿਆ ਤਾਂ ਉਸ ਦਾ ਫੋਨ ਉਸੇ ਸਮੇਂ ਜ਼ਬਤ ਕਰ ਕੇ ਤੋੜ ਦਿੱਤਾ ਜਾਵੇਗਾ। ਕੁਝ ਵਿਦਿਆਰਥੀਆਂ ਨੇ ਇਸ ਨਿਰਦੇਸ਼ ਨੂੰ ਅਣਸੁਣਿਆ ਕੀਤਾ ਅਤੇ ਬੇਖੌਫ ਹੋ ਕੇ ਮੋਬਾਈਲ ਦਾ ਇਸਤੇਮਾਲ ਕੀਤਾ। ਇਹ ਦੇਖ ਕੇ ਪ੍ਰਿੰਸੀਪਲ ਨੂੰ ਇੰਨਾ ਗੁੱਸਾ ਆਇਆ ਕਿ ਉਨ੍ਹਾਂ ਨੇ ਤੁਰੰਤ ਹਥੌੜਾ ਮੰਗਵਾਇਆ ਅਤੇ ਜੋ ਵਿਦਿਆਰਥੀ ਮੋਬਾਈਲ 'ਚ ਰੁੱਝੇ ਹੋਏ ਸਨ, ਉਨ੍ਹਾਂ ਦੇ ਫੋਨ ਲੈ ਕੇ ਤੋੜ ਦਿੱਤੇ।
ਓਧਰ ਕਾਲਜ ਦੇ ਅਧਿਕਾਰੀਆਂ ਨੇ ਇਸ ਵਾਇਰਲ ਵੀਡੀਓ 'ਤੇ ਕਿਹਾ ਕਿ ਵਿਦਿਆਰਥੀਆਂ ਨੂੰ ਕਈ ਵਾਰ ਚਿਤਾਵਨੀ ਦਿੱਤੀ ਗਈ ਸੀ ਪਰ ਉਹ ਮੰਨ ਹੀ ਨਹੀਂ ਰਹੇ ਸਨ। ਕੁਝ ਵਿਦਿਆਰਥੀ ਤਾਂ ਮੋਬਾਈਲ ਫੋਨ ਦਾ ਇਸਤੇਮਾਲ ਇਕ-ਦੂਜੇ ਨਾਲ ਚੈਟਿੰਗ ਕਰਨ ਲਈ ਕਰਦੇ ਹਨ, ਇਸ ਲਈ ਇਹ ਕਦਮ ਚੁੱਕਣਾ ਪਿਆ। ਕਰਨਾਟਕ ਦੇ ਕਈ ਸਿੱਖਿਅਕ ਸੰਸਥਾਵਾਂ ਨੇ ਪ੍ਰਿੰਸੀਪਲ ਦੇ ਇਸ ਕਦਮ ਦਾ ਸਮਰਥਨ ਕੀਤਾ ਹੈ।