ਕਾਲਜ ''ਚ ਕੇਕ ਕੱਟਣ ''ਤੇ ਪ੍ਰਿੰਸੀਪਲ ਨੇ ਵਿਦਿਆਰਥੀ ਸੰਘ ਪ੍ਰਧਾਨ ਨੂੰ ਮਾਰਿਆ ਥੱਪੜ, ਵਿਵਾਦ
Tuesday, Sep 24, 2019 - 05:32 PM (IST)

ਅਜਮੇਰ— ਅਜਮੇਰ ਦੇ ਦਯਾਨੰਦ ਡਿਗਰੀ ਕਾਲਜ 'ਚ ਕੇਕ ਕੱਟਣ ਨੂੰ ਲੈ ਕੇ ਹੋਏ ਵਿਵਾਦ ਨੇ ਤੂਲ ਫੜ ਲਿਆ ਹੈ। ਇੱਥੇ ਵਿਦਿਆਰਥੀ ਸੰਘ ਪ੍ਰਧਾਨ ਅਤੇ ਪ੍ਰਿੰਸੀਪਲ ਆਹਮਣੇ-ਸਾਹਮਣੇ ਹਨ। ਉੱਥੇ ਹੀ ਪੁਲਸ ਨੇ ਇਸ ਮਾਮਲੇ 'ਚ ਦੋਹਾਂ ਪੱਖਾਂ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਹੈ। ਸੋਮਵਾਰ ਬਿਆਵਰ ਰੋਡ ਕੋਲ ਸਥਿਤ ਦਯਾਨੰਦ ਡਿਗਰੀ ਕਾਲਜ 'ਚ ਵਿਦਿਆਰਥੀ ਸੰਘ ਪ੍ਰਧਾਨ ਸੀਤਾਰਾਮ ਚੌਧਰੀ ਨੇ ਆਪਣੇ ਜਨਮ ਦਿਨ 'ਤੇ ਜਸ਼ਨ ਮਨਾਉਂਦੇ ਹੋਏ ਸਮਰਥਕਾਂ ਦਰਮਿਆਨ ਕੇਕ ਕੱਟਿਆ। ਇਸੇ ਦੌਰਾਨ ਪ੍ਰਿੰਸੀਪਲ ਡਾਕਟਰ ਲਕਸ਼ਮੀਕਾਂਤ ਸ਼ਰਮਾ ਨਾਲ ਉਨ੍ਹਾਂ ਦੀ ਕਹਾਸੁਣੀ ਹੋ ਗਈ। ਪ੍ਰਿੰਸੀਪਲ ਨੇ ਉਨ੍ਹਾਂ ਨੂੰ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਕਾਲਜ ਕੈਂਪਸ 'ਚ ਕੇਕ ਨਾ ਕੱਟਣ ਦੀ ਹਿਦਾਇਤ ਦਿੱਤੀ। ਇਸ ਤੋਂ ਬਾਅਦ ਵਿਵਾਦ ਵਧ ਗਿਆ। ਪ੍ਰਿੰਸੀਪਲ ਨੇ ਉਨ੍ਹਾਂ ਨੂੰ ਕਾਲਜ ਦੇ ਬਾਹਰ ਜਸ਼ਨ ਮਨਾਉਣ ਲਈ ਕਿਹਾ। ਦੋਸ਼ ਹੈ ਕਿ ਪ੍ਰਿੰਸੀਪਲ ਦੀ ਨਸੀਹਤ ਤੋਂ ਨਾਰਾਜ਼ ਵਿਦਿਆਰਥੀ ਸੰਘ ਪ੍ਰਧਾਨ ਸੀਤਾਰਾਮ ਚੌਧਰੀ ਨੇ ਕੇਕ ਦਾ ਟੁੱਕੜਾ ਕੱਟ ਕੇ ਉਨ੍ਹਾਂ ਦੇ ਮੂੰਹ 'ਤੇ ਸੁੱਟ ਦਿੱਤਾ।
ਵਿਦਿਆਰਥੀ ਸੰਘ ਪ੍ਰਧਾਨ ਦੇ ਇਸ ਰਵੱਈਏ ਤੋਂ ਗੁੱਸੇ 'ਚ ਆਏ ਪ੍ਰਿੰਸੀਪਲ ਲਕਸ਼ਮੀਕਾਂਤ ਨੇ ਸੀਤਾਰਾਮ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਸੀਤਾਰਾਮ ਨੇ ਵੀ ਪ੍ਰਿੰਸੀਪਲ ਨਾਲ ਧੱਕਾਮੁੱਕੀ ਕੀਤੀ। ਮਾਮਲਾ ਵਧਦਾ ਦੇਖ ਕੇ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵਿਚ-ਬਚਾਅ ਕਰਵਾਇਆ। ਸੀਤਾਰਾਮ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੇ ਪ੍ਰਿੰਸੀਪਲ ਨੂੰ ਫੋਨ ਵੀ ਕੀਤਾ ਪਰ ਉਹ ਰਿਸੀਵ ਨਹੀਂ ਹੋਇਆ। ਦੂਜੇ ਪਾਸੇ ਪ੍ਰਿੰਸੀਪਲ ਦਾ ਕਹਿਣਾ ਹੈ,''ਕੈਂਪਸ ਦੇ ਅੰਦਰ ਜਨਮ ਦਿਨ ਮਨਾਉਣ ਦੀ ਮਨਜ਼ੂਰੀ ਨਹੀਂ ਹੈ। ਜਦੋਂ ਮੈਂ ਸੀਤਾਰਾਮ ਨੂੰ ਇਹ ਦੱਸਿਆ ਤਾਂ ਉਸ ਨੇ ਮੇਰੇ ਚਿਹਰੇ 'ਤੇ ਕੇਕ ਸੁੱਟਦੇ ਹੋਏ ਹਮਲਾ ਕੀਤਾ। ਮੈਨੂੰ ਧਮਕੀ ਵੀ ਦਿੱਤੀ। ਮੈਂ ਰਾਮਗੰਜ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ।''