ਕੋਕੀਨ ਕਾਂਗਰਸ ਬਣ ਗਈ ਹੈ ਦੇਸ਼ ਦੀ ਪ੍ਰਮੁੱਖ ਵਿਰੋਧੀ ਪਾਰਟੀ : ਭਾਜਪਾ

Friday, Oct 04, 2024 - 05:58 PM (IST)

ਨਵੀਂ ਦਿੱਲੀ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 5,600 ਕਰੋੜ ਰੁਪਏ ਦੇ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਜ਼ਬਤ ਹੋਣ ਦੇ ਮਾਮਲੇ 'ਚ ਤੁਸ਼ਾਰ ਗੋਇਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਵਿਰੋਧੀ ਧਿਰ 'ਤੇ ਹਮਲਾ ਤੇਜ਼ ਕਰ ਦਿੱਤਾ ਹੈ। ਇੱਥੇ ਭਾਜਪਾ ਹੈੱਡ ਕੁਆਰਟਰ 'ਚ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਰਾਸ਼ਟਰੀ ਬੁਲਾਰੇ ਗੌਰਵ ਭਾਟੀਆ ਨੇ ਯੂਥ ਕਾਂਗਰਸ ਦੇ ਉਸ ਦਾਅਵੇ ਨੂੰ ਖਾਰਜ ਕਰ ਦਿੱਤਾ ਕਿ ਗੋਇਲ ਨੂੰ 17 ਅਕਤੂਬਰ 2022 ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਬਰਖ਼ਾਸਤ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ,''ਇਹ ਇਕ ਜਾਲਸਾਜ਼ੀ ਹੈ, ਜਿਸ ਲਈ ਕਾਂਗਰਸ ਪ੍ਰਸਿੱਧ ਹੈ। ਜਿਵੇਂ ਹੀ ਉਹ (ਗੋਇਲ) ਮਾਮਲੇ 'ਚ ਦੋਸ਼ੀ ਬਣਿਆ, ਸੰਗਠਨ ਤੋਂ ਉਸ ਦੇ ਬਰਖ਼ਾਸਤਗੀ ਦਾ ਇਕ ਪੱਤਰ ਜਾਰੀ ਕਰ ਦਿੱਤਾ ਗਿਆ।'' ਉਨ੍ਹਾਂ ਨੇ ਕਾਂਗਰਸ ਤੋਂ ਉਸ ਦੇ ਦਾਅਵੇ ਦੀ ਸੱਚਾਈ ਦਾ 'ਡਿਜੀਟਲ ਪ੍ਰਮਾਣ' ਮੰਗਿਆ। ਭਾਟੀਆ ਨੇ ਦੋਸ਼ ਲਗਾਇਆ ਕਿ ਪੁਲਸ ਵਲੋਂ ਜ਼ਬਤ ਨਸ਼ੀਲੇ ਪਦਾਰਥ ਦੀ ਬਰਾਮਦਗੀ ਤੋਂ ਪਤਾ ਲੱਗਦਾ ਹੈ ਕਿ ਇਸ ਦਾ ਇਕਮਾਤਰ ਮਕਸਦ 'ਹਰਿਆਣਾ ਅਤੇ ਦੇਸ਼ ਦੇ ਨੌਜਵਾਨਾਂ' ਨੂੰ ਨਸ਼ੇ ਵੱਲ ਧੱਕਣਾ ਸੀ। ਉਨ੍ਹਾਂ ਕਿਹਾ,''ਇਹ ਕਿਸ ਤਰ੍ਹਾਂ ਦੀ 'ਸੀ' ਕਾਂਗਰਸ ਹੈ? ਸੀ ਕੰਫਿਊਜਨ (ਭਰਮ) ਲਈ, ਸੀ ਭ੍ਰਿਸ਼ਟਾਚਾਰ ਲਈ ਅਤੇ ਹੁਣ ਸੀ ਕੋਕੀਨ ਲਈ। ਕਾਂਗਰਸ ਜੋ ਹੁਣ ਤੱਕ ਭ੍ਰਿਸ਼ਟਾਚਾਰ ਲਈ ਜਾਣੀ ਜਾਂਦੀ ਸੀ, ਹੁਣ ਕੋਕੀਨ ਲਈ ਜਾਣੀ ਜਾਂਦੀ ਹੈ। ਇਹ ਕੋਕੀਨ ਕਾਂਗਰਸ ਬਣ ਗਈ ਹੈ।'' 

ਭਾਟੀਆ ਨੇ ਕਿਹਾ,''ਰਾਹੁਲ ਗਾਂਧੀ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ। ਲੋਕ ਕਹਿ ਰਹੇ ਹਨ ਕਿ ਭ੍ਰਿਸ਼ਟ ਕਾਂਗਰਸ ਹੁਣ ਕੋਕੀਨ ਕਾਂਗਰਸ ਹੈ।'' ਭਾਟੀਆ ਨੇ ਕਿਹਾ ਕਿ ਮੋਦੀ ਸਰਕਾਰ ਨੇ ਨਸ਼ੀਲੇ ਪਦਾਰਥ ਦੀ ਸਮੱਸਿਆ ਨੂੰ ਬਿਲਕੁੱਲ ਬਰਦਾਸ਼ਤ ਨਹੀਂ ਕਰਨ ਦੀ ਨੀਤੀ ਅਪਣਾਈ ਹੈ ਪਰ ਇਹ 'ਸ਼ਰਮਨਾਕ ਅਤੇ ਬਹੁਤ ਖ਼ਤਰਨਾਕ' ਹੈ ਕਿ ਪੁਲਸ 5,600 ਕਰੋੜ ਰੁਪਏ ਦੀਆਂ ਪਾਬੰਦੀਸ਼ੁਦਾ ਦਵਾਈਆਂ ਦੀ ਜ਼ਬਤੀ ਦੇ ਮਾਮਲੇ 'ਚ ਕਾਂਗਰਸ ਦੇ ਇਕ ਅਹੁਦਾ ਅਧਿਕਾਰੀ ਨੂੰ ਫੜ ਰਹੀ ਹੈ। ਦੱਸਣਯੋਗ ਹੈ ਕਿ ਦਿੱਲੀ ਪੁਲਸ ਨੇ ਸ਼ਹਿਰ 'ਚ ਨਸ਼ੀਲੇ ਪਦਾਰਥਾਂ ਦਾ ਹੁਣ ਤੱਕ ਦਾ ਸਭ ਤੋਂ ਵੱਡਾ  ਪਰਦਾਫਾਸ਼ ਕਰਦੇ ਹੋਏ 560 ਕਿਲੋਗ੍ਰਾਮ ਤੋਂ ਵੱਧ ਕੋਕੀਨ ਅਤੇ 40 ਕਿਲੋਗ੍ਰਾਮ ਗਾਂਜਾ ਜ਼ਬਤ ਕੀਤਾ ਹੈ, ਜਿਸ ਦੀ ਅਨੁਮਾਨਿਤ ਕੀਮਤ ਲਗਭਗ 5,620 ਕਰੋੜ ਰੁਪਏ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News