COAI ਦੀ ਸਰਕਾਰ ਨੂੰ ਅਪੀਲ, ਕੋਰੋਨਾ ਲਈ 5G ਨੂੰ ਜ਼ਿੰਮੇਵਾਰ ਠਹਿਰਾਉਣ ਵਾਲੀ ਸਮੱਗਰੀ ਨੂੰ ਸੋਸ਼ਲ ਮੀਡੀਆ ਤੋਂ ਹਟਾਓ

Tuesday, May 18, 2021 - 09:24 PM (IST)

COAI ਦੀ ਸਰਕਾਰ ਨੂੰ ਅਪੀਲ, ਕੋਰੋਨਾ ਲਈ 5G ਨੂੰ ਜ਼ਿੰਮੇਵਾਰ ਠਹਿਰਾਉਣ ਵਾਲੀ ਸਮੱਗਰੀ ਨੂੰ ਸੋਸ਼ਲ ਮੀਡੀਆ ਤੋਂ ਹਟਾਓ

ਨੈਸ਼ਨਲ ਡੈਸਕ : ਟੈਲੀਕਾਮ ਉਦਯੋਗ ਸੰਗਠਨ (ਸੀ. ਓ. ਏ. ਆਈ.) ਨੇ ਫੇਸਬੁੱਕ, ਵਟਸਐਪ ਅਤੇ ਟਵਿਟਰ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਜ਼ ਤੋਂ ਕੋਵਿਡ-19 ਦੇ ਪ੍ਰਸਾਰ ਨੂੰ 5ਜੀ ਟੈਕਨਾਲੋਜੀ ਨਾਲ ਜੋੜਨ ਵਾਲੇ ਜਾਅਲੀ ਅਤੇ ਗੁੰਮਰਾਹਕੁਨ ਸੰਦੇਸ਼ਾਂ ਨੂੰ ਹਟਾਉਣ ਲਈ ਸੂਚਨਾ ਤਕਨਾਲੋਜੀ ਮੰਤਰਾਲੇ ਕੋਲ ਪਹੁੰਚ ਕੀਤੀ ਹੈ। ਸੈਲੂਲਰ ਆਪਰੇਟਰਜ਼ ਐਸੋਸੀਏਸ਼ਨ ਆਫ ਇੰਡੀਆ (ਸੀ. ਓ. ਏ. ਆਈ.), ਜਿਸ ਦੇ ਮੈਂਬਰਾਂ ’ਚ ਰਿਲਾਇੰਸ, ਜੀਓ, ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਸ਼ਾਮਲ ਹਨ, ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ 5ਜੀ ਨੂੰ ਜੋੜਨ ਦੇ ਦਾਅਵਿਆਂ ਨੂੰ ਬੇਬੁਨਿਆਦ ਮੰਨਿਆ ਗਿਆ ਹੈ ਕਿਉਂਕਿ ਦੇਸ਼ ’ਚ ਅਜੇ ਤਕ 5ਜੀ ਨੈੱਟਵਰਕ ਸਥਾਪਿਤ ਨਹੀਂ ਹੋਇਆ ਅਤੇ ਦੂਰਸੰਚਾਰ ਆਪਰੇਟਰਾਂ ਵੱਲੋਂ ਅਜੇ ਵੀ 5ਜੀ ਟ੍ਰਾਇਲ ਸ਼ੁਰੂ ਕਰਨੇ ਬਾਕੀ ਹਨ।

ਐੱਮ. ਈ. ਟੀ. ਆਈ. ਦੇ ਵਧੀਕ ਸੱਕਤਰ ਰਾਜਿੰਦਰ ਕੁਮਾਰ ਨੂੰ 15 ਮਈ ਨੂੰ ਇੱਕ ਪੱਤਰ ’ਚ ਸੀ. ਓ. ਏ. ਆਈ. ਦੇ ਡਾਇਰੈਕਟਰ ਜਨਰਲ ਐੱਸ. ਪੀ. ਕੋਛੜ ਨੇ ਕਿਹਾ ਹੈ ਕਿ ਰਾਸ਼ਟਰੀ ਹਿੱਤਾਂ ਦੀ ਰਾਖੀ ਲਈ ਅਸੀਂ ਤੁਹਾਡੇ ਵਿਭਾਗ ਨੂੰ ਬੇਨਤੀ ਕਰਦੇ ਹਾਂ ਕਿ ਸੋਸ਼ਲ ਮੀਡੀਆ ਪਲੇਟਫਾਰਮ, ਜਿਵੇਂ ਕਿ ਫੇਸਬੁੱਕ, ਵਟਸਐਪ, ਟਵਿੱਟਰ ਆਦਿ ਨੂੰ ਇਸ ਤਰ੍ਹਾਂ ਦੀਆਂ ਸਾਰੀਆਂ ਭਰਮ ਫੈਲਾਉਣ ਵਾਲੀਆਂ ਮੁਹਿੰਮਾਂ ਨੂੰ ਪਲੇਟਫਾਰਮ ਤੋਂ ਹਟਾਉਣ ਦੇ ਹੁਕਮ ਦਿੱਤੇ। ਲੋਕ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਆਡੀਓ ਅਤੇ ਵੀਡੀਓ ਸੁਨੇਹੇ ਸਾਂਝੇ ਕਰ ਰਹੇ ਹਨ, ਜਿਨ੍ਹਾਂ ’ਚ ਦੇਸ਼ ਭਰ ’ਚ ਹੋਣ ਵਾਲੀਆਂ ਮੌਤਾਂ ਦੇ ਵਾਧੇ ਲਈ 5ਜੀ ਨੈੱਟਵਰਕ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਹਾਲਾਂਕਿ ਕਿਸੇ ਵੀ ਕੰਪਨੀ ਨੇ ਭਾਰਤ ਵਿਚ ਕਿਤੇ ਵੀ 5ਜੀ ਟੈਕਨਾਲੋਜੀ ਸਥਾਪਿਤ ਨਹੀਂ ਕੀਤੀ ਹੈ। ਵੀਡੀਓ ਸੰਦੇਸ਼ ਇਹ ਵੀ ਦਰਸਾਉਂਦੇ ਹਨ ਕਿ ਅਜਿਹੇ ਝੂਠੇ ਦਾਅਵਿਆਂ ਲਈ ਸਹਿਮਤ ਲੋਕ ਮੋਬਾਈਲ ਟਾਵਰਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਅਜਿਹੀਆਂ ਅਫਵਾਹਾਂ ਪਿਛਲੇ ਦੋ ਹਫ਼ਤਿਆਂ ਵਿੱਚ ਮੁੱਖ ਤੌਰ ’ਤੇ ਅਰਧ-ਸ਼ਹਿਰੀ ਅਤੇ ਪੇਂਡੂ ਖੇਤਰਾਂ ’ਚ ਫੈਲੀਆਂ ਹਨ।

ਕੋਛੜ ਨੇ ਕਿਹਾ ਕਿ ਮੁੱਖ ਤੌਰ ’ਤੇ ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਅਤੇ ਪੰਜਾਬ ’ਚ ਅਜਿਹੀਆਂ ਗਲਤ ਜਾਣਕਾਰੀਆਂ ’ਚ ਕਾਫ਼ੀ ਵਾਧਾ ਹੋਇਆ ਹੈ। ਸਾਨੂੰ ਚਿੰਤਾ ਹੈ ਕਿ ਇਹ ਗੁੰਮਰਾਹਕੁੰਨ ਅਤੇ ਗਲਤ ਦਾਅਵਾ/ਜਾਣਕਾਰੀ ਦੇਸ਼ ਦੇ ਹੋਰ ਹਿੱਸਿਆਂ ’ਚ ਵੀ ਫੈਲ ਸਕਦੀ ਹੈ। ਦੂਰਸੰਚਾਰ ਵਿਭਾਗ ਨੇ ਕੋਵਿਡ-19 ਮਹਾਮਾਰੀ ਨੂੰ 5ਜੀ ਤਕਨਾਲੋਜੀ ਨਾਲ ਜੋੜਨ ਦੇ ਦਾਅਵੇ ਨੂੰ ਵੀ ਨਕਾਰਦਿਆਂ ਕਿਹਾ ਕਿ ਇਸ ਦਾ ਕੋਈ ਵਿਗਿਆਨਿਕ ਆਧਾਰ ਨਹੀਂ ਹੈ। ਸੀ. ਓ. ਏ. ਆਈ. ਨੇ ਸਰਕਾਰ ਨੂੰ ਅਪੀਲ ਕੀਤੀ ਕਿ ਕੋਰੋਨਾ ਲਈ 5ਜੀ ਨੂੰ ਜ਼ਿੰਮੇਵਾਰ ਠਹਿਰਾਉਣ ਵਾਲੀ ਸਮੱਗਰੀ ਨੂੰ ਸੋਸ਼ਲ ਮੀਡੀਆ ਤੋਂ ਹਟਾਓ। 


author

Manoj

Content Editor

Related News