''ਖ਼ਤਮ ਕਰੋ NEET..!'' ਪੇਪਰ ਲੀਕ ਖ਼ਿਲਾਫ਼ ਪ੍ਰਦਰਸ਼ਨਾਂ ''ਤੇ CM ਵਿਜੇ ਨੇ ਮੁੜ ਦਿੱਤਾ ਵੱਡਾ ਬਿਆਨ
Wednesday, Jul 22, 2026 - 04:31 PM (IST)
ਨੈਸ਼ਨਲ ਡੈਸਕ- ਤਮਿਲਨਾਡੂ ਦੇ ਮੁੱਖ ਮੰਤਰੀ ਅਤੇ 'ਤਮਿਲਗਾ ਵੇਤਰੀ ਕੜਗਮ' (TVK) ਦੇ ਪ੍ਰਧਾਨ ਸੀ. ਜੋਸਫ਼ ਵਿਜੇ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ NEET ਦੇ ਮੁੱਦੇ 'ਤੇ ਦੇਸ਼ ਦੇ ਲੋਕਾਂ ਅਤੇ ਵਿਦਿਆਰਥੀਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਪ੍ਰੀਖਿਆ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਹੀ ਇਸ ਸਮੱਸਿਆ ਦਾ ਇੱਕੋ-ਇੱਕ ਸਥਾਈ ਹੱਲ ਹੈ।
ਨੀਟ ਪੇਪਰ ਲੀਕ ਮਾਮਲੇ ਦੇ ਵਿਰੋਧ 'ਚ ਸੰਸਦ ਦੇ ਬਾਹਰ ਕਾਲੇ ਕੱਪੜੇ ਪਾ ਕੇ ਪ੍ਰਦਰਸ਼ਨ ਕਰ ਰਹੇ ਵਿਰੋਧੀ ਧਿਰ ਦੇ ਆਗੂਆਂ ਅਤੇ ਵਿਦਿਆਰਥੀਆਂ ਦਾ ਸਮਰਥਨ ਕਰਦਿਆਂ ਮੁੱਖ ਮੰਤਰੀ ਵਿਜੇ ਨੇ ਇਸ ਪ੍ਰਦਰਸ਼ਨ ਦੌਰਾਨ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਹੋਰ ਨੇਤਾਵਾਂ ਨੂੰ ਹਿਰਾਸਤ 'ਚ ਲਏ ਜਾਣ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਇਸ ਕਾਰਵਾਈ ਨੂੰ 'ਲੋਕਤੰਤਰ ਵਿਰੋਧੀ' ਕਰਾਰ ਦਿੱਤਾ।
ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਨੀਟ ਪ੍ਰੀਖਿਆ ਨੂੰ ਰੱਦ ਕਰਨ ਬਾਰੇ ਉਨ੍ਹਾਂ ਦੀ ਪਾਰਟੀ ਤਮਿਲਗਾ ਵੇਤਰੀ ਕੜਗਮ (TVK) ਦਾ ਰੁਖ਼ ਪੂਰੀ ਤਰ੍ਹਾਂ ਮਜ਼ਬੂਤ ਹੈ। ਉਨ੍ਹਾਂ ਸਿੱਧੇ ਤੌਰ 'ਤੇ ਡੀ.ਐੱਮ.ਕੇ. (DMK) 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੋਟਾਂ ਦੀ ਰਾਜਨੀਤੀ ਲਈ ਜਨਤਾ ਨਾਲ ਝੂਠੇ ਵਾਅਦੇ ਕਰਨ ਵਾਲੀ ਧੋਖਾਧੜੀ ਦੀ ਰਾਜਨੀਤੀ ਨਹੀਂ ਕਰੇਗੀ।
