ਜੰਮੂ-ਕਸ਼ਮੀਰ ਦੇ ਰਾਜਪਾਲ ਕੋਲ ਚੁੱਕਾਂਗੇ ਹਿਮਾਚਲ ਦੇ ਹਿੱਸੇ ਦੀ ਜ਼ਮੀਨ ਦਾ ਮੁੱਦਾ : ਸੁੱਖੂ
Sunday, Jan 29, 2023 - 02:22 PM (IST)

ਸ਼ਿਮਲਾ– ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਆਪਣੀ ਜੰਮੂ-ਕਸ਼ਮੀਰ ਯਾਤਰਾ ਦੌਰਾਨ ਉੱਥੋਂ ਦੇ ਰਾਜਪਾਲ ਦੇ ਕੋਲ ਹਿਮਾਚਲ ਪ੍ਰਦੇਸ਼ ਦੇ ਹਿੱਸੇ ਦੀ ਵਿਵਾਦਿਤ ਜ਼ਮੀਨ ਦਾ ਮੁੱਦਾ ਚੁੱਕਾਂਗੇ। ਉਨ੍ਹਾਂ ਮੁਤਾਬਕ, ਹਿਮਾਚਲ ਪ੍ਰਦੇਸ਼ ਦੀ ਸਰਹੱਦ ਦੇ ਨਾਲ ਹਿਮਾਚਲ ਦੇ ਹਿੱਸੇ ਦੀ ਕੀਰਬ 17 ਹਜ਼ਾਰ ਬੀਘਾ ਜ਼ਮੀਨ ਹੈ, ਜਿਸਦਾ ਜਲਦ ਸਥਾਈ ਹੱਲ ਲੱਭਿਆ ਜਾਣਾ ਚਾਹੀਦਾ ਹੈ। ਸੁਖਵਿੰਦਰ ਸਿੰਘ ਸੁੱਖੂ ਨੇ ਪੱਤਰਕਾਰਾਂ ਨਾਲ ਗੱਲਬਾਤ ’ਚ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਉਹ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ’ਚ ਭਾਗ ਲੈਣ ਲਈ ਸ਼੍ਰੀਨਗਰ ਜਾ ਰਹੇ ਹਨ, ਜਿਸਦਾ 30 ਜਨਵਰੀ ਨੂੰ ਸਮਾਪਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਕੰਨਿਆਕੁਮਾਰੀ ਤੋਂ ਸ਼ੁਰੂ ਕੀਤੀ ਗਈ ਯਾਤਰਾ ਦਾ ਸ਼੍ਰੀਨਗਰ ’ਚ ਰਾਸ਼ਟਰੀ ਝੰਡਾ ਲਹਿਰਾਉਣ ਦੇ ਨਾਲ ਸਮਾਪਨ ਹੋਵੇਗਾ।
ਸੀਮੈਂਟ ਵਿਵਾਦ ਜਲਦ ਸੁਲਝਾਵਾਂਗੇ, ਅਸੀਂ ਟਰੱਕ ਆਪਰੇਟਰਾਂ ਦੇ ਨਾਲ ਹਾਂ
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਸੂਬਾ ਸਰਕਾਰ ਅੰਬੁਜਾ ਅਤੇ ਏ.ਸੀ.ਸੀ. ਸੀਮੈਂਟ ਵਿਵਾਦ ਨੂੰ ਜਲਦ ਸੁਲਝਾ ਲਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਸਰਕਾਰ ਟਰੱਕ ਆਪਰੇਟਰਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਮਾਮਲੇ ਨੂੰ ਸੁਲਝਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਉਦਯੋਗ ਮੰਤਰੀ ਨੇ ਵੀ ਇਸ ਵਿਸ਼ੇ ਨੂੰ ਲੈ ਕੇ ਦੋਵਾਂ ਪੱਖਾਂ ਨਾਲ ਗੱਲ ਕੀਤੀ ਹੈ ਤਾਂ ਜੋ ਮਾਮਲਾ ਜਲਦ ਸੁਲਝ ਸਕੇ।