CM ਪੁਸ਼ਕਰ ਧਾਮੀ ਨੇ ਚੰਪਾਵਤ ਜ਼ਿਮਨੀ ਚੋਣ ''ਚ ਰਿਕਾਰਡ ਜਿੱਤ ਕੀਤੀ ਦਰਜ, PM ਮੋਦੀ ਨੇ ਦਿੱਤੀ ਵਧਾਈ

Friday, Jun 03, 2022 - 01:30 PM (IST)

CM ਪੁਸ਼ਕਰ ਧਾਮੀ ਨੇ ਚੰਪਾਵਤ ਜ਼ਿਮਨੀ ਚੋਣ ''ਚ ਰਿਕਾਰਡ ਜਿੱਤ ਕੀਤੀ ਦਰਜ, PM ਮੋਦੀ ਨੇ ਦਿੱਤੀ ਵਧਾਈ

ਦੇਹਰਾਦੂਨ (ਭਾਸ਼ਾ)- ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਚੰਪਾਵਤ ਜ਼ਿਮਨੀ ਚੋਣ 'ਚ ਆਪਣੀ ਨਜ਼ਦੀਕੀ ਵਿਰੋਧੀ ਕਾਂਗਰਸ ਦੀ ਨਿਰਮਲਾ ਗਹਿਤੋੜੀ ਨੂੰ 55,000 ਤੋਂ ਵੱਧ ਵੋਟਾਂ ਨਾਲ ਹਰਾ ਕੇ ਰਿਕਾਰਡ ਜਿੱਤ ਦਰਜ ਕੀਤੀ ਹੈ। ਚੰਪਾਵਤ ਜ਼ਿਲ੍ਹਾ ਚੋਣ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੂੰ 13 ਗੇੜਾਂ ਦੀ ਗਿਣਤੀ ਵਿਚ 57,268 ਵੋਟਾਂ ਮਿਲੀਆਂ ਅਤੇ ਉਨ੍ਹਾਂ ਦੇ ਵਿਰੁੱਧ ਚੋਣ ਲੜਨ ਵਾਲੇ ਕਾਂਗਰਸ ਸਮੇਤ ਸਾਰੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਜ਼ਿਮਨੀ ਚੋਣ ਵਿਚ ਗਹਿਤੋੜੀ ਨੂੰ 3147, ਸਮਾਜਵਾਦੀ ਪਾਰਟੀ ਦੇ ਮਨੋਜ ਕੁਮਾਰ ਨੂੰ 409 ਅਤੇ ਆਜ਼ਾਦ ਉਮੀਦਵਾਰ ਹਿਮਾਂਸ਼ੂ ਗਰਕੋਟੀ ਨੂੰ 399 ਵੋਟਾਂ ਮਿਲੀਆਂ। ਕੁੱਲ 372 ਵੋਟਰਾਂ ਨੇ ਨੋਟਾ (ਉਪਰੋਕਤ ਵਿੱਚੋਂ ਕੋਈ ਨਹੀਂ) ਬਟਨ ਦਬਾਇਆ। ਜ਼ਿਮਨੀ ਚੋਣ ਲਈ 31 ਮਈ ਨੂੰ ਵੋਟਿੰਗ ਹੋਈ ਸੀ। ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਸ਼ਕਰ ਸਿੰਘ ਧਾਮੀ ਨੂੰ ਇਸ ਜਿੱਤ ਲਈ ਵਧਾਈ ਦਿੱਤੀ ਹੈ ਅਤੇ ਭਰੋਸਾ ਜਤਾਇਆ ਕਿ ਇਸ ਪਹਾੜੀ ਪ੍ਰਦੇਸ਼ ਦੀ ਤਰੱਕੀ ਲਈ ਉਹ ਹੋਰ ਸਖ਼ਤ ਮਿਹਨਤ ਕਰਨਗੇ। 

PunjabKesari

ਹਾਲਾਂਕਿ, ਡਾਕ ਰਾਹੀਂ ਵੋਟਾਂ ਦੀ ਗਿਣਤੀ ਹਾਲੇ ਵੀ ਜਾਰੀ ਹੈ, ਜਿਸ ਨਾਲ ਇਨ੍ਹਾਂ ਵਿੱਚੋਂ ਕੁਝ ਜਿੱਤਣ ਵਾਲੇ ਅੰਕੜੇ ਬਦਲ ਸਕਦੇ ਹਨ। ਧਾਮੀ ਨੇ ਜਿੱਤ ਲਈ ਚੰਪਾਵਤ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ,''ਪਿਆਰੇ ਚੰਪਾਵਤ ਵਾਸੀਓ, ਚੰਪਾਵਤ ਜ਼ਿਮਨੀ ਚੋਣ 'ਚ ਤੁਹਾਡੇ ਵੱਲੋਂ ਮਿਲੇ ਪਿਆਰ ਅਤੇ ਆਸ਼ੀਰਵਾਦ ਨਾਲ ਮੈਂ ਬੇਹੱਦ ਭਾਵੁਕ ਹਾਂ। ਧਾਮੀ ਨੂੰ 6 ਮਹੀਨਿਆਂ ਦੇ ਅੰਦਰ ਵਿਧਾਨ ਸਭਾ ਦਾ ਮੈਂਬਰ ਚੁਣਿਆ ਜਾਣਾ ਜ਼ਰੂਰੀ ਸੀ, ਜਿਸ ਲਈ ਚੰਪਾਵਤ ਜ਼ਿਮਨੀ ਚੋਣ ਹੋਈ। ਹਾਲ ਹੀ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਲਗਾਤਾਰ ਦੂਜੀ ਵਾਰ ਸੂਬੇ ਦੀਆਂ 70 'ਚੋਂ 47 ਸੀਟਾਂ ਜਿੱਤ ਕੇ ਇਤਿਹਾਸ ਰਚਿਆ ਸੀ ਪਰ ਜਿੱਤ ਦੀ ਅਗਵਾਈ ਕਰਨ ਵਾਲੇ ਧਾਮੀ ਖੁਦ ਖਟੀਮਾ ਤੋਂ ਹਾਰ ਗਏ ਸਨ। ਧਾਮੀ ਲਈ ਜ਼ਿਮਨੀ ਚੋਣ ਲੜਨ ਦਾ ਰਸਤਾ ਸਾਫ਼ ਕਰਨ ਲਈ ਕੈਲਾਸ਼ ਗਹਿਤੋੜੀ ਨੇ 21 ਅਪ੍ਰੈਲ ਨੂੰ ਵਿਧਾਨ ਸਭਾ ਮੈਂਬਰੀ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News