CM ਮਾਨ ਤੇ ਕੇਜਰੀਵਾਲ ਪਹੁੰਚੇ ਉੱਤਰ ਪ੍ਰਦੇਸ਼, ਅਖ਼ਿਲੇਸ਼ ਯਾਦਵ ਨਾਲ ਕਰਨਗੇ ਮੁਲਾਕਾਤ
Wednesday, Jun 07, 2023 - 05:55 AM (IST)
ਲਖਨਊ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੁੱਧਵਾਰ ਨੂੰ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕਰਨਗੇ। ਕੇਜਰੀਵਾਲ ਦੀ ਇਹ ਮੀਟਿੰਗ ਦਿੱਲੀ ਵਿਚ ਪ੍ਰਸ਼ਾਸਨਿਕ ਸੇਵਾਵਾਂ ਦੇ ਕੰਟਰੋਲ ਬਾਰੇ ਕੇਂਦਰ ਦੇ ਆਰਡੀਨੈਂਸ ਖ਼ਿਲਾਫ਼ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਸਮਰਥਨ ਮੰਗਣ ਦਰਮਿਆਨ ਹੋ ਰਹੀ ਹੈ। ਇਸ ਮੀਟਿੰਗ ਵਿਚ ਕੇਜਰੀਵਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹਿਣਗੇ।
ਇਹ ਖ਼ਬਰ ਵੀ ਪੜ੍ਹੋ - ਓਡੀਸ਼ਾ ਰੇਲ ਹਾਦਸਾ: ਦਿੱਲੀ ਪਰਤਦਿਆਂ ਸਾਰ ਰੇਲ ਮੰਤਰੀ ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ, ਦਿੱਤੇ ਇਹ ਨਿਰਦੇਸ਼
ਕੇਜਰੀਵਾਲ ਨੇ ਟਵੀਟ ਕੀਤਾ, ''ਕੇਂਦਰ ਸਰਕਾਰ ਦੇ ਗੈਰ-ਸੰਵਿਧਾਨਕ ਆਰਡੀਨੈਂਸ ਵਿਰੁੱਧ ਦਿੱਲੀ ਦੇ ਲੋਕਾਂ ਦਾ ਸਮਰਥਨ ਮੰਗਣ ਲਈ ਮੈਂ ਅਤੇ ਭਗਵੰਤ ਮਾਨ ਸਾਹਿਬ ਕੱਲ੍ਹ ਲਖਨਊ 'ਚ ਅਖਿਲੇਸ਼ ਯਾਦਵ ਜੀ ਨੂੰ ਮਿਲਾਂਗੇ।'' ਸਪਾ ਦੇ ਮੁੱਖ ਬੁਲਾਰੇ ਰਾਜਿੰਦਰ ਚੌਧਰੀ ਨੇ ਦੱਸਿਆ ਕਿ ਕੇਜਰੀਵਾਲ ਬੁੱਧਵਾਰ ਸ਼ਾਮ ਨੂੰ ਇੱਥੇ ਅਖਿਲੇਸ਼ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਵੀ ਕੇਜਰੀਵਾਲ ਦੇ ਨਾਲ ਜਾ ਸਕਦੇ ਹਨ। ਹਾਲਾਂਕਿ ਉਨ੍ਹਾਂ ਮੀਟਿੰਗ ਦੇ ਏਜੰਡੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਕਾਂਗਰਸ ਹੋ ਸਕਦੀ ਹੈ ਦੋਫਾੜ! ਇਸ ਆਗੂ ਵੱਲੋਂ ਵੱਖਰੀ ਪਾਰਟੀ ਬਣਾਉਣ ਦੇ ਚਰਚੇ; ਰੰਧਾਵਾ ਨੇ ਕਹੀ ਇਹ ਗੱਲ
ਦੱਸ ਦੇਈਏ ਕਿ ਕੇਂਦਰ ਨੇ 19 ਮਈ ਨੂੰ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ (ਯੂ.ਟੀ.) ਕੇਡਰ ਦੇ ਅਧਿਕਾਰੀਆਂ ਦੇ ਤਬਾਦਲੇ ਅਤੇ ਅਨੁਸ਼ਾਸਨੀ ਕਾਰਵਾਈ ਲਈ ਰਾਸ਼ਟਰੀ ਰਾਜਧਾਨੀ ਸਿਵਲ ਸੇਵਾਵਾਂ ਅਥਾਰਟੀ ਦੀ ਸਥਾਪਨਾ ਲਈ ਇਕ ਆਰਡੀਨੈਂਸ ਜਾਰੀ ਕੀਤਾ ਸੀ। ਸੁਪਰੀਮ ਕੋਰਟ ਵੱਲੋਂ ਪੁਲਸ, ਪਬਲਿਕ ਆਰਡਰ ਅਤੇ ਜ਼ਮੀਨ ਨਾਲ ਸਬੰਧਤ ਮਾਮਲਿਆਂ ਨੂੰ ਛੱਡ ਕੇ ਦਿੱਲੀ ਦੀ ਚੁਣੀ ਹੋਈ ਸਰਕਾਰ ਨੂੰ ਸਾਰੇ ਮਾਮਲਿਆਂ ਦਾ ਕੰਟਰੋਲ ਸੌਂਪਣ ਤੋਂ ਬਾਅਦ ਇਹ ਆਰਡੀਨੈਂਸ ਜਾਰੀ ਕੀਤਾ ਗਿਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।