'ਨਾ ਤਨਖਾਹ-ਨਾ ਪੈਨਸ਼ਨ', ਫਿਰ ਵੀ ਮਮਤਾ ਬੈਨਰਜੀ ਨੇ ਦਾਨ 'ਚ ਦਿੱਤੀ ਇੰਨੀ ਰਾਸ਼ੀ
Wednesday, Apr 01, 2020 - 01:16 PM (IST)
ਕੋਲਕਾਤਾ-ਕੋਰੋਨਾਵਾਇਰਸ ਖਿਲਾਫ ਲੜਾਈ 'ਚ ਕੇਂਦਰ ਅਤੇ ਸਾਰੇ ਸੂਬਿਆਂ ਦੀਆਂ ਸਰਕਾਰਾਂ ਇਕਜੁੱਟ ਹੋ ਕੇ ਲੜ ਰਹੀਆਂ ਹਨ। ਕੋਰੋਨਾ ਖਿਲਾਫ ਇਸ ਜੰਗ 'ਚ ਜਿਸ ਤੋਂ ਜਿੰਨੀ ਹੋ ਸਕਦਾ ਹੈ ਸਾਰੇ ਮਦਦ ਦੇ ਰਹੇ ਹਨ। ਹੁਣ ਇਸ ਸੂਚੀ 'ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਨਾਂ ਵੀ ਜੁੜ ਗਿਆ ਹੈ। ਮੁੱਖ ਮੰਤਰੀ ਮਮਤਾ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਅਤੇ ਸੂਬਾ ਐਮਰਜੰਸੀ ਰਾਹਤ ਫੰਡ 'ਚ 5-5 ਲੱਖ ਰੁਪਏ ਦਿੱਤੇ ਹਨ। ਇੱਥੇ ਇਹ ਦਿਲਚਸਪ ਗੱਲ ਸਾਹਮਣੇ ਆਉਂਦੀ ਹੈ ਕਿ ਮਮਤਾ ਬੈਨਰਜੀ ਨਾ ਤਾਂ ਵਿਧਾਇਕ ਦੇ ਤੌਰ 'ਤੇ ਤਨਖਾਹ ਲੈਂਦੀ ਅਤੇ ਨਾ ਹੀ ਉਨ੍ਹਾਂ ਕੋਲ ਕਿਸੇ ਤਰ੍ਹਾਂ ਦੀ ਪੈਨਸ਼ਨ ਹੈ ਤਾਂ ਫਿਰ ਉਨ੍ਹਾਂ ਕੋਲ ਦਾਨ ਲਈ ਇੰਨੀ ਰਾਸ਼ੀ ਕਿੱਥੋ ਆਈ।
ਮੁੱਖ ਮੰਤਰੀ ਬੈਨਰਜੀ ਨੇ ਟਵਿੱਟਰ 'ਤੇ ਕਿਹਾ ਹੈ ਕਿ ਇਹ ਯੋਗਦਾਨ ਉਨ੍ਹਾਂ ਨੇ ਆਪਣੀ ਨਿੱਜੀ ਬੱਚਤ ਤੋਂ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ, "ਮੈਂ ਇਕ ਵਿਧਾਇਕ ਜਾਂ ਮੁੱਖ ਮੰਤਰੀ ਦੇ ਰੂਪ 'ਚ ਕੋਈ ਤਨਖਾਹ ਨਹੀਂ ਲੈਂਦੀ ਹਾਂ ਅਤੇ 7 ਵਾਰ ਸੰਸਦ ਮੈਂਬਰ ਹੋਣ ਦੇ ਬਾਵਜੂਦ ਮੈਂ ਆਪਣੀ ਸੰਸਦ ਪੈਨਸ਼ਨ ਨੂੰ ਛੱਡ ਦਿੱਤਾ ਹੈ। ਮੈਂ ਸੀਮਿਤ ਸਾਧਨਾਂ 'ਚ ਜੀਉਂਦੀ ਹਾਂ। ਮੇਰੀ ਆਮਦਨ ਦਾ ਮੁੱਢਲਾ ਸਰੋਤ ਮੇਰੇ ਸੰਗੀਤ ਅਤੇ ਪੁਸਤਕਾਂ ਤੋਂ ਮਿਲਣ ਵਾਲੀ ਰਾਇਲਟੀ ਹੈ।" ਉਨ੍ਹਾਂ ਨੇ ਇਕ ਹੋਰ ਟਵੀਟ 'ਚ ਲਿਖਿਆ , "ਮੇਰੇ ਸੀਮਿਤ ਸਾਧਨਾਂ 'ਚੋਂ ਮੈ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ 'ਚ 5 ਲੱਖ ਅਤੇ ਪੱਛਮੀ ਬੰਗਾਲ ਸੂਬਾ ਐਮਰਜੰਸੀ ਰਾਹਤ ਫੰਡ 'ਚ 5 ਲੱਖ ਰੁਪਏ ਦਾ ਯੋਗਦਾਨ ਦੇ ਰਹੀ ਹਾਂ ਤਾਂ ਕਿ ਕੋਵਿਡ-19 ਨਾਲ ਲੜ੍ਹਨ 'ਚ ਸਾਡੇ ਦੇਸ਼ ਦੇ ਯਤਨਾਂ ਦਾ ਸਮਰਥਨ ਕੀਤਾ ਜਾ ਸਕੇ।"
ਦੱਸਣਯੋਗ ਹੈ ਕਿ ਪੱਛਮੀ ਬੰਗਾਲ 'ਚ ਹੁਣ ਤੱਕ ਕੋਵਿਡ-19 ਦੇ 27 ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ 'ਚੋਂ 3 ਵਿਅਕਤੀਆਂ ਨੂੰ ਗੰਭੀਰ ਸਾਹ ਦੀ ਬੀਮਾਰੀ ਹੋਣ ਕਾਰਨ ਮੌਤ ਹੋ ਗਈ ਸੀ।