ਨੂੰਹ ਦੀ ਘਟਨਾ ਨੂੰ CM ਖੱਟੜ ਨੇ ਦੱਸਿਆ ਮੰਦਭਾਗਾ, ਕਿਹਾ- ਹਿੰਸਾ ਵੱਡੀ ਸਾਜ਼ਿਸ਼, ਮੁਲਜ਼ਮਾਂ ਨੂੰ ਨਹੀਂ ਬਖਸ਼ਾਂਗੇ
Wednesday, Aug 02, 2023 - 06:42 PM (IST)
ਗੁਰੂਗ੍ਰਾਮ (ਗੌਰਵ, ਧਰਮੇਂਦਰ) : ਨੂੰਹ ਦੀ ਘਟਨਾ ਨੂੰ ਮੰਦਭਾਗਾ ਦੱਸਦੇ ਹੋਏ ਸੀ. ਐੱਮ. ਮਨੋਹਰ ਲਾਲ ਖੱਟੜ ਨੇ ਕਿਹਾ ਯਾਤਰਾ ’ਤੇ ਹਮਲਾ ਕਰਨਾ ਇਕ ਵੱਡੀ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ। ਯੋਜਨਾਬੱਧ ਅਤੇ ਸਾਜ਼ਿਸ਼ ਤਹਿਤ ਯਾਤਰਾ ਨੂੰ ਭੰਗ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਦੰਗਾਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਹੁਣ ਤੱਕ ਕਈ ਐੱਫ. ਆਈ. ਆਰਜ਼ ਦਰਜ ਕੀਤੀਆਂ ਗਈਆਂ ਹਨ ਤੇ ਕੁੱਲ 70 ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਨੂੰਹ ਤੋਂ ਬਾਹਰ ਦੇ ਲੋਕ, ਜੋ ਇਸ ਘਟਨਾ ’ਚ ਸ਼ਾਮਲ ਸਨ, ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ। ਹਿੰਸਾ ਨੂੰ ਲੈ ਕੇ ਸੀ. ਐੱਮ. ਨੇ ਗ੍ਰਹਿ ਮੰਤਰੀ ਅਨਿਲ ਵਿਜ ਦੇ ਵਧੀਕ ਚੀਫ ਸੈਕ੍ਰੇਟਰੀ, ਡੀ. ਜੀ. ਪੀ. ਸਮੇਤ ਪ੍ਰਬੰਧਕੀ ਅਧਿਕਾਰੀਆਂ ਦੀ ਉੱਚ ਪੱਧਰੀ ਮੀਟਿੰਗ ਸੱਦ ਲਈ ਹੈ। ਪੂਰੇ ਸੂਬੇ ’ਚ ਅਲਰਟ ਜਾਰੀ ਕੀਤਾ ਗਿਆ ਹੈ। ਨੂੰਹ ’ਚ ਬੋਰਡ ਦੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਪ੍ਰੀਖਿਆਵਾਂ 1 ਅਤੇ 2 ਅਗਸਤ ਨੂੰ ਹੋਣੀਆਂ ਸਨ।
ਇਹ ਵੀ ਪੜ੍ਹੋ : 77ਵੇਂ ਆਜ਼ਾਦੀ ਦਿਹਾੜੇ ’ਤੇ ਪੰਜਾਬ ਸਰਕਾਰ ਵਲੋਂ ਜਲੰਧਰ ਵਾਸੀਆਂ ਨੂੰ ਮਿਲੇਗਾ ਵੱਡਾ ਤੋਹਫ਼ਾ
ਦੱਸਣਯੋਗ ਹੈ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਬ੍ਰਜ ਮੰਡਲ ਯਾਤਰਾ ਦੌਰਾਨ ਹੋਈ ਹਿੰਸਾ ਤੋਂ ਬਾਅਦ ਨੂੰਹ ’ਚ ਮੰਗਲਵਾਰ ਨੂੰ 2 ਦਿਨ ਲਈ ਕਰਫਿਊ ਲਾ ਦਿੱਤਾ ਗਿਆ ਹੈ। ਹਾਲਾਤ ’ਤੇ ਕਾਬੂ ਪਾਉਣ ਲਈ ਜ਼ਿਲੇ ’ਚ ਵੱਖ-ਵੱਖ ਥਾਵਾਂ ’ਤੇ ਨੀਮ ਫੌਜੀ ਬਲਾਂ ਦੀਆਂ 20 ਕੰਪਨੀਆਂ ਅਤੇ ਪੁਲਸ ਬਲ ਦੀਆਂ 20 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇੱਥੋਂ ਦੇ 4 ਇਲਾਕਿਆਂ ’ਚ ਵੀ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਉੱਥੇ ਹੀ, ਨੂੰਹ ਦੇ ਨਾਲ ਲੱਗਦੇ ਰਾਜਸਥਾਨ ਦੇ ਭਰਤਪੁਰ, ਅਲਵਰ ਅਤੇ ਯੂ. ਪੀ. ’ਚ ਵੀ ਅਲਰਟ ਜਾਰੀ ਕੀਤਾ ਗਿਆ ਹੈ। ਨੂੰਹ ’ਚ ਹਿੰਸਾ ਤੋਂ ਬਾਅਦ ਪੂਰੇ ਸੂਬੇ ’ਚ ਵੀ ਤਣਾਅ ਬਣਿਆ ਹੋਇਆ ਹੈ। ਹਿੰਸਾ ਦੀ ਚੰਗਿਆੜੀ ਗੁਰੂਗ੍ਰਾਮ ਅਤੇ ਪਲਵਲ ਵੀ ਪਹੁੰਚ ਗਈ, ਜਿਸ ਕਾਰਨ ਨੂੰਹ, ਗੁਰੂਗ੍ਰਾਮ, ਪਲਵਲ, ਫਰੀਦਾਬਾਦ, ਸੋਨੀਪਤ ਅਤੇ ਰੇਵਾੜੀ ਸਮੇਤ 6 ਜ਼ਿਲ੍ਹਿਆਂ ’ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇਹੀ ਨਹੀਂ, ਨੂੰਹ, ਫਰੀਦਾਬਾਦ, ਗੁਰੂਗ੍ਰਾਮ ਅਤੇ ਪਲਵਲ ’ਚ ਮੰਗਲਵਾਰ ਯਾਨੀ 1 ਅਗਸਤ ਨੂੰ ਸਾਰੀਆਂ ਸਿੱਖਿਆ ਸੰਸਥਾਵਾਂ ਅਤੇ ਕੋਚਿੰਗ ਸੈਂਟਰ ਬੰਦ ਰਹੇ। ਉੱਥੇ ਹੀ ਨੂੰਹ ਤੋਂ ਇਲਾਵਾ ਰਾਜਸਥਾਨ ਦੇ ਭਰਤਪੁਰ ਦੀਆਂ 4 ਤਹਿਸੀਲਾਂ ’ਚ ਇੰਟਰਨੈੱਟ ਬੰਦ ਕਰ ਦਿੱਤੇ ਗਏ। ਗੁਰੂਗ੍ਰਾਮ ਦੇ ਸੋਹੰਦੜਾ, ਪਟੌਦੀ ਅਤੇ ਮਾਨੇਸਰ ’ਚ ਵੀ ਇੰਟਰਨੈੱਟ ਬੰਦ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : CM ਮਾਨ ਦੇ ਲੁਧਿਆਣਾ ਦੌਰੇ ਨਾਲ ਕਈਆਂ ਨੂੰ ਆਈਆਂ ‘ਤ੍ਰੇਲੀਆਂ’, ਬਲਾਕ ਪ੍ਰਧਾਨਾਂ ਦੇ ਚਿਹਰਿਆਂ ’ਤੇ ਲਾਲੀ
ਮਸਜਿਦ ’ਚ ਲਾਈ ਅੱਗ; ਕੁੱਟ-ਮਾਰ ਨਾਲ ਮੌਲਵੀ ਦੀ ਮੌਤ
ਹਿੰਸਾ ਦੀ ਅੱਗ ਦੂਜੇ ਦਿਨ ਤੜਕੇ ਹੀ ਗੁਰੂਗ੍ਰਾਮ ਪਹੁੰਚੀ, ਜਿੱਥੇ ਅਣਪਛਾਤੇ ਸ਼ਰਾਰਤੀ ਲੋਕਾਂ ਨੇ ਸੈਕਟਰ 57 ਸਥਿਤ ਇਕ ਮਸਜਿਦ ’ਚ ਅੱਗ ਲਾ ਦਿੱਤੀ। ਇੱਥੇ ਮੌਜੂਦ ਇਕ ਮੌਲਵੀ ਦੀ ਵਾਰਦਾਤ ’ਚ ਮੌਤ ਹੋ ਗਈ, ਜਦੋਂ ਕਿ ਮਸਜਿਦ ’ਚ ਮੌਜ਼ੂਦ ਇਕ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੈ। ਘਟਨਾ ਤੋਂ ਬਾਅਦ ਵੱਡੀ ਗਿਣਤੀ ’ਚ ਪੁਲਸ ਬਲ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ’ਤੇ ਕਾਬੂ ਪਾਇਆ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਅਤੇ ਜ਼ਖ਼ਮੀ ਨੂੰ ਇਕ ਨਿੱਜੀ ਹਸਪਤਾਲ ’ਚ ਭਰਤੀ ਕਰਾਇਆ ਗਿਆ ਹੈ।
ਸ਼ਾਂਤੀ ਭੰਗ ਕਰਨ ਲਈ ਕਿਸੇ ਮਾਸਟਰਮਾਈਂਡ ਨੇ ਰਚਿਆ ਪਲਾਨ : ਵਿਜ
ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਇਹ ਹਿੰਸਾ ਇਕਦਮ ਨਹੀਂ ਹੋਈ, ਸਗੋਂ ਕਿਸੇ ਮਾਸਟਰਮਾਈਂਡ ਦਾ ਰਚਿਆ ਹੋਇਆ ਪਲਾਨ ਹੈ। ਸੂਬਾ ਸਰਕਾਰ ਦੇ ਅਧਿਕਾਰੀਆਂ ਨੂੰ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਅਤੇ ਜੋ ਵੀ ਦੋਸ਼ੀ ਹੋਵੇਗਾ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਵਿਜ ਨੇ ਦੱਸਿਆ ਕਿ ਕੇਂਦਰ ਤੋਂ ਸੁਰੱਖਿਆ ਬਲਾਂ ਦੀਆਂ 20 ਕੰਪਨੀਆਂ ਮੰਗਵਾਈਆਂ ਗਈਆਂ ਹਨ ਅਤੇ ਏਅਰਫੋਰਸ ਨੂੰ ਵੀ ਸਟੈਂਡਬਾਏ ਰੱਖਿਆ ਗਿਆ ਹੈ, ਤਾਂ ਕਿ ਜੇਕਰ ਏਅਰਲਿਫਟ ਦੀ ਜ਼ਰੂਰਤ ਹੋਵੇ ਤਾਂ ਅਸੀਂ ਤਿਆਰ ਰਹੀਏ।
ਇਹ ਵੀ ਪੜ੍ਹੋ : ਮਸ਼ਹੂਰ ਪੰਜਾਬੀ ਕਲਾਕਾਰ ਦੇ ਦੋਸਤ ਰਣਬੀਰ ਸਿੰਘ ਬਾਠ ਦੇ ਘਰ ਐੱਨ. ਆਈ. ਏ. ਵੱਲੋਂ ਛਾਪੇਮਾਰੀ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8