ਮਾਣਹਾਨੀ ਮਾਮਲਾ: ਅਸ਼ੋਕ ਗਹਿਲੋਤ ਨੂੰ ਸੰਮਨ ਜਾਰੀ

Friday, Jul 07, 2023 - 02:16 PM (IST)

ਨਵੀਂ ਦਿੱਲੀ, (ਅਨਸ)– ਦਿੱਲੀ ਦੀ ਇਕ ਅਦਾਲਤ ਨੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵਲੋਂ ਦਰਜ ਮਾਣਹਾਨੀ ਦੀ ਸ਼ਿਕਾਇਤ ’ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਵੀਰਵਾਰ ਨੂੰ ਸੰਮਨ ਜਾਰੀ ਕੀਤਾ ਹੈ। ਐਡੀਸ਼ਨਲ ਮੁੱਖ ਮੈਟਰੋਪਾਲਿਟਨ ਮੈਜਿਸਟ੍ਰੇਟ (ਏ. ਸੀ. ਐੱਮ. ਐੱਮ.) ਹਰਪ੍ਰੀਤ ਸਿੰਘ ਨੇ ਸ਼ੇਖਾਵਤ ਦੀ ਸ਼ਿਕਾਇਤ ਸੰਬੰਧੀ ਗਹਿਲੋਤ ਨੂੰ 7 ਅਗਸਤ ਨੂੰ ਅਦਾਲਤ ਵਿਚ ਹਾਜ਼ਰ ਹੋਣ ਲਈ ਕਿਹਾ ਹੈ।

ਸ਼ੇਖਾਵਤ ਨੇ ਸੰਜੀਵਨੀ ਘਪਲੇ ਸੰਬੰਧੀ ਗਹਿਲੋਤ ਦੀਆ ਟਿੱਪਣੀਆਂ ਨਾਲ ਕਥਿਤ ਤੌਰ ’ਤੇ ਉਨ੍ਹਾਂ ਦੀ ਮਾਣਹਾਨੀ ਹੋਣ ਨੂੰ ਲੈ ਕੇ ਰਾਜਸਥਾਨ ਦੇ ਮੁੱਖ ਮੰਤਰੀ ਖਿਲਾਫ ਸ਼ਿਕਾਇਤ ਕੀਤੀ ਹੈ। ਇਹ ਮਾਮਲਾ ਸੰਜੀਵਨੀ ਕ੍ਰੈਡਿਟ ਕੋ-ਆਪ੍ਰੇਟਿਵ ਸੁਸਾਇਟੀ ਦੇ ਹਜ਼ਾਰਾਂ ਨਿਵੇਸ਼ਕਾਂ ਨੂੰ ਕਥਿਤ ਤੌਰ ’ਤੇ 900 ਕਰੋੜ ਰੁਪਏ ਦਾ ਚੂਨਾ ਲਗਾਉਣ ਨਾਲ ਜੁੜਿਆ ਹੋਇਆ ਹੈ।

ਸ਼ੇਖਾਵਤ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਅਸ਼ੋਕ ਗਹਿਲੋਤ ਕਥਿਤ ਘਪਲੇ ਨੂੰ ਲੈ ਕੇ ਉਨ੍ਹਾਂ ਖਿਲਾਫ ਮਾਣਹਾਨੀਕਾਰਕ ਟਿੱਪਣੀਆਂ ਕਰ ਰਹੇ ਹਨ ਅਤੇ ਉਨ੍ਹਾਂ ਦਾ ਅਕਸ ਖਰਾਬ ਕਰਨ ਅਤੇ ਸਿਆਸੀ ਕੈਰੀਅਰ ਨੂੰ ਬਰਬਾਦ ਕਰਨ ਦਾ ਯਤਨ ਕਰ ਰਹੇ ਹਨ।


Rakesh

Content Editor

Related News