ਕੇਜਰੀਵਾਲ ਦੀ ਸਿਹਤ ਵਿਗੜੀ, ਖੁਦ ਨੂੰ ਕੀਤਾ ਆਈਸੋਲੇਟ
Monday, Jun 08, 2020 - 01:09 PM (IST)
ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਵਿਗੜ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੇਜਰੀਵਾਲ ਨੂੰ ਹਲਕਾ ਬੁਖਾਰ ਅਤੇ ਗਲੇ 'ਚ ਖ਼ਰਾਸ਼ ਦੀ ਸ਼ਿਕਾਇਤ ਹੈ। ਹੁਣ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਇਆ ਜਾਵੇਗਾ। ਉਨ੍ਹਾਂ ਨੇ ਖੁਦ ਨੂੰ ਆਈਸੋਲੇਟ ਕਰ ਲਿਆ ਹੈ ਅਤੇ ਉਹ ਮੰਗਲਵਾਰ ਨੂੰ ਕੋਵਿਡ-19 ਦੀ ਜਾਂਚ ਕਰਵਾਉਣਗੇ। ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਐਤਵਾਰ ਦੁਪਹਿਰ ਤੋਂ ਹੀ ਸਿਹਤਮੰਦ ਮਹਿਸੂਸ ਨਹੀਂ ਕਰ ਰਹੇ ਸਨ। ਜਿਸ ਤੋਂ ਬਾਅਦ ਕੱਲ ਦੁਪਹਿਰ ਤੋਂ ਸਾਰੀਆਂ ਬੈਠਕਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਕੇਜਰੀਵਾਲ ਨੇ ਕਿਸੇ ਨਾਲ ਵੀ ਮੁਲਾਕਾਤ ਨਹੀਂ ਕੀਤੀ।
ਦੱਸ ਦੇਈਏ ਕਿ ਮੁੱਖ ਮੰਤਰੀ ਕੇਜਰੀਵਾਲ ਦਿੱਲੀ 'ਚ ਦਿਨੋਂ-ਦਿਨ ਫੈਲ ਰਹੇ ਕੋਰੋਨਾ ਵਾਇਰਸ ਨੂੰ ਲੈ ਕੇ ਕਾਫੀ ਗੰਭੀਰ ਹਨ। ਕੇਜਰੀਵਾਲ ਸਰਕਾਰ ਦੀ ਕੈਬਨਿਟ ਨੇ ਬੀਤੇ ਦਿਨੀਂ ਫੈਸਲਾ ਲਿਆ ਕਿ ਦਿੱਲੀ ਦੇ ਹਸਪਤਾਲਾਂ, ਚਾਹੇ ਉਹ ਸਰਕਾਰੀ ਹੋਵੇ ਜਾਂ ਪ੍ਰਾਈਵੇਟ ਉਨ੍ਹਾਂ 'ਚ ਸਿਰਫ ਤੇ ਸਿਰਫ ਦਿੱਲੀ ਵਾਲਿਆਂ ਦਾ ਇਲਾਜ ਹੀ ਹੋਵੇਗਾ। ਉਨ੍ਹਾਂ ਨੇ ਕੱਲ ਹੀ ਪ੍ਰੈੱਸ ਕਾਨਫਰੰਸ ਕਰ ਕੇ ਇਸ ਗੱਲ ਨੂੰ ਸਪੱਸ਼ਟ ਕੀਤਾ ਕਿ ਦਿੱਲੀ ਵਿਚ ਮੌਜੂਦ ਸਿਰਫ ਕੇਂਦਰ ਦੇ ਹਸਪਤਾਲਾਂ ਵਿਚ ਦਿੱਲੀ ਤੋਂ ਬਾਹਰ ਵਾਲੇ ਲੋਕਾਂ ਦਾ ਇਲਾਜ ਹੋਵੇਗਾ। ਅਜਿਹਾ ਇਸ ਲਈ ਕਿਉਂਕਿ ਦਿੱਲੀ ਵਿਚ ਕੋਰੋਨਾ ਦੇ ਕੇਸ ਵੱਧ ਰਹੇ ਹਨ ਅਤੇ ਬਾਹਰੀ ਲੋਕਾਂ ਦੇ ਆਉਣ ਨਾਲ ਦਿੱਲੀ 'ਚ ਬੈੱਡਾਂ ਦੀ ਘਾਟ ਹੋ ਸਕਦੀ ਹੈ। ਕੇਜਰੀਵਾਲ ਸਰਕਾਰ ਨੇ ਫੈਸਲਾ ਲਿਆ ਕਿ ਜਦੋਂ ਤੱਕ ਕੋਰੋਨਾ-ਕੋਰੋਨਾ ਹੈ, ਉਦੋਂ ਤੱਕ ਦਿੱਲੀ ਦੇ ਹਸਪਤਾਲਾਂ 'ਚ ਦਿੱਲੀ ਵਾਲਿਆਂ ਦਾ ਹੀ ਇਲਾਜ ਹੋਵੇਗਾ।
ਦੱਸਣਯੋਗ ਕਿ ਪੂਰੇ ਦੇਸ਼ 'ਚ ਜਿੱਥੇ ਮਹਾਰਾਸ਼ਟਰ ਕੋਰੋਨਾ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਾ ਬਣਿਆ ਹੋਇਆ ਹੈ, ਉੱਥੇ ਹੀ ਰਾਜਧਾਨੀ ਦਿਲੀ 'ਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਦਿੱਲੀ 'ਚ ਕੁੱਲ ਮਰੀਜ਼ਾਂ ਦਾ ਅੰਕੜਾ 27,654 ਹੈ। ਪਿਛਲੇ 24 ਘੰਟਿਆਂ 'ਚ 1320 ਨਵੇਂ ਕੇਸ ਸਾਹਮਣੇ ਆਏ ਹਨ। ਹੁਣ ਤੱਕ 761 ਲੋਕਾਂ ਦੀ ਮੌਤ ਹੋ ਚੁੱਕੀ ਹੈ।