CM ਕੇਜਰੀਵਾਲ ਨੇ ਕੀਤਾ ਮੋਤੀ ਨਗਰ ਫਲਾਈਓਵਰ ਦਾ ਉਦਘਾਟਨ, ਲੋਕਾਂ ਨੂੰ ਟ੍ਰੈਫਿਕ ਜਾਮ ਤੋਂ ਮਿਲੇਗਾ ਛੁਟਕਾਰਾ
Wednesday, Mar 13, 2024 - 06:21 PM (IST)
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਰਿੰਗ ਰੋਡ 'ਤੇ ਬਣੇ ਮੋਤੀ ਨਗਰ ਫਲਾਈਓਵਰ ਦਾ ਉਦਘਾਟਨ ਕੀਤਾ। ਇਸ ਫਲਾਈਓਵਰ ਨਾਲ ਧੌਨਲਕੂਆਂ ਤੋਂ ਆਜ਼ਾਦਪੁਰ ਅਤੇ ਦਿੱਲੀ ਤੋਂ ਹਰਿਆਣਾ ਜਾਣ ਵਾਲੇ ਲੋਕਾਂ ਨੂੰ ਫਾਇਦਾ ਹੋਵੇਗਾ। ਦਿੱਲੀ ਵਾਸੀਆਂ ਨੂੰ ਵਧਾਈ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਇੱਥੇ ਅੱਧਾ ਕਿਲੋਮੀਟਰ ਦਾ ਸਫ਼ਰ ਤੈਅ ਕਰਨ ਲਈ ਅੱਧਾ ਘੰਟਾ ਲੱਗਦਾ ਸੀ। ਹੁਣ ਇਸ ਫਲਾਈਓਵਰ ਦੇ ਬਣਨ ਨਾਲ ਇਹ ਰਸਤਾ ਤਿੰਨ ਮਿੰਟਾਂ ਵਿੱਚ ਪੂਰਾ ਹੋ ਜਾਵੇਗਾ। ਮੋਤੀ ਨਗਰ ਫਲਾਈਓਵਰ ਇਸ ਪ੍ਰੋਜੈਕਟ ਦਾ ਛੋਟਾ ਹਿੱਸਾ ਹੈ। ਇਸ ਦਾ ਮੁੱਖ ਹਿੱਸਾ ਇਸ ਦੇ ਸਾਹਮਣੇ ਬਣ ਰਿਹਾ ਕਲੱਬ ਰੋਡ ਫਲਾਈਓਵਰ ਹੈ ਜੋ ਇਸ ਤੋਂ ਵੀ ਵੱਡਾ ਹੋਵੇਗਾ। ਇਸ ਦਾ ਵੱਡਾ ਹਿੱਸਾ ਮੁਕੰਮਲ ਹੋ ਚੁੱਕਾ ਹੈ ਅਤੇ ਜੁਲਾਈ ਤੱਕ ਬਣ ਕੇ ਤਿਆਰ ਹੋ ਜਾਵੇਗਾ। ਮੋਤੀ ਨਗਰ ਫਲਾਈਓਵਰ ਨੂੰ ਬਣਾਉਣ ਵਿੱਚ ਡੇਢ ਸਾਲ ਦਾ ਸਮਾਂ ਲੱਗਾ ਹੈ ਅਤੇ ਕਲੱਬ ਰੋਡ ਫਲਾਈਓਵਰ ਢਾਈ ਸਾਲਾਂ ਵਿੱਚ ਬਣ ਕੇ ਤਿਆਰ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਿਛਲੇ 75 ਸਾਲਾਂ ਵਿੱਚ ਦਿੱਲੀ ਵਿੱਚ 63 ਫਲਾਈਓਵਰ ਬਣਾਏ ਗਏ ਹਨ। ਪਿਛਲੇ 10 ਸਾਲਾਂ ਵਿੱਚ ਅਸੀਂ 31 ਫਲਾਈਓਵਰ ਬਣਾਏ ਹਨ। ਅੱਜ ਅਸੀਂ ਇਸ 31ਵੇਂ ਫਲਾਈਓਵਰ ਦਾ ਉਦਘਾਟਨ ਕਰ ਰਹੇ ਹਾਂ। ਪਿਛਲੇ 75 ਸਾਲਾਂ ਵਿੱਚ ਦਿੱਲੀ ਵਿੱਚ ਜੋ ਕੰਮ ਹੋਇਆ ਸੀ, ਉਸ ਦਾ 50 ਫੀਸਦੀ ਕੰਮ ਅਸੀਂ 10 ਸਾਲਾਂ ਵਿੱਚ ਪੂਰਾ ਕਰ ਲਿਆ ਹੈ। ਇਸ ਲਈ ਸਪਸ਼ਟ ਇਰਾਦਿਆਂ ਦੀ ਲੋੜ ਹੈ। ਕੰਮ ਕਰਨ ਲਈ ਪੈਸੇ ਦੀ ਕੋਈ ਕਮੀ ਨਹੀਂ, ਪਹਿਲਾਂ ਤਾਂ ਸਿਰਫ ਦ੍ਰਿੜ ਇਰਾਦੇ ਦੀ ਕਮੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮੇਂ ਦਿੱਲੀ ਵਿੱਚ ਦੋ ਤਰ੍ਹਾਂ ਦੇ ਕੰਮ ਚੱਲ ਰਹੇ ਹਨ। ਇੱਕ ਕੰਮ ਜਨਤਾ ਦੀ ਭਲਾਈ ਲਈ ਕੀਤਾ ਜਾ ਰਿਹਾ ਹੈ। ਬਿਜਲੀ ਮੁਫਤ ਕੀਤੀ ਗਈ। ਇਸ ਨਾਲ ਮਹਿੰਗਾਈ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਘਟੀਆਂ ਹਨ। ਬਿਜਲੀ ਮੁਫਤ ਕਰਨ ਨਾਲ ਦਿੱਲੀ ਦੇ ਲਗਭਗ 73 ਫੀਸਦੀ ਲੋਕਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆਉਂਦਾ ਹੈ। ਦਿੱਲੀ ਵਿੱਚ ਅੱਜ 24 ਘੰਟੇ ਬਿਜਲੀ ਰਹਿੰਦੀ ਹੈ। ਇਸ ਦਾ ਲੋਕਾਂ ਨੂੰ ਕਾਫੀ ਫਾਇਦਾ ਹੋਇਆ ਹੈ। ਉਨ੍ਹਾਂ ਕਿਹਾ, “ਅਸੀਂ ਬੱਚਿਆਂ ਲਈ ਵਧੀਆ ਸਰਕਾਰੀ ਸਕੂਲ ਬਣਾਏ ਹਨ। ਮੱਧ ਵਰਗ ਅਤੇ ਗਰੀਬ ਵਰਗ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਭੇਜਣ ਲਈ ਮਜ਼ਬੂਰ ਸੀ ਅਤੇ ਹਰ ਬੱਚੇ 'ਤੇ ਹਰ ਮਹੀਨੇ ਤਿੰਨ ਤੋਂ ਚਾਰ ਹਜ਼ਾਰ ਰੁਪਏ ਖਰਚ ਹੋ ਜਾਂਦਾ ਸੀ। ਹੁਣ ਮੱਧ ਵਰਗ ਅਤੇ ਗਰੀਬ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਮਹਿੰਗੇ ਪ੍ਰਾਈਵੇਟ ਸਕੂਲਾਂ ਵਿੱਚ ਭੇਜਣ ਦੀ ਲੋੜ ਨਹੀਂ ਹੈ।
ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਦੇ ਸਾਰੇ ਹਸਪਤਾਲਾਂ ਵਿੱਚ ਸੁਧਾਰ ਕੀਤਾ ਹੈ ਅਤੇ ਹਰ ਇਲਾਕੇ ਵਿੱਚ ਮੁਹੱਲਾ ਕਲੀਨਿਕ ਖੋਲ੍ਹੇ ਹਨ। ਉਨ੍ਹਾਂ ਕਿਹਾ, “ਇੱਕ ਪਾਸੇ ਅਸੀਂ ਦਿੱਲੀ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਹਾਂ ਅਤੇ ਦੂਜੇ ਪਾਸੇ ਅਸੀਂ ਦਿੱਲੀ ਦੇ ਬੁਨਿਆਦੀ ਢਾਂਚੇ ਨੂੰ ਵੱਡਾ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। " ਪਿਛਲੇ 9 ਸਾਲਾਂ ਵਿੱਚ ਦਿੱਲੀ ਵਿੱਚ ਕਰੀਬ 7500 ਕਿਲੋਮੀਟਰ ਸੜਕਾਂ ਬਣਾਈਆਂ ਗਈਆਂ ਹਨ। ਇੰਨੀਆਂ ਸੜਕਾਂ 75 ਸਾਲਾਂ ਵਿੱਚ ਨਹੀਂ ਬਣੀਆਂ ਹੋਣਗੀਆਂ ਜਿੰਨੀਆਂ ਪਿਛਲੇ 9 ਸਾਲਾਂ ਵਿੱਚ ਦਿੱਲੀ ਦੇ ਅੰਦਰ ਬਣੀਆਂ ਹਨ। ਜਿੰਨੀਆਂ ਪਾਣੀ ਅਤੇ ਸੀਵਰੇਜ ਪਾਈਪਾਂ ਅਸੀਂ ਪਿਛਲੇ 9 ਸਾਲਾਂ ਵਿੱਚ ਵਿਛਾਈਆਂ ਹਨ, ਉਹ ਪਿਛਲੇ 75 ਸਾਲਾਂ ਵਿੱਚ ਨਹੀਂ ਵਿਛਾਈਆਂ ਹੋਣਗੀਆਂ।