ਜੰਮੂ ਕਸ਼ਮੀਰ ਦੇ ਪਿੰਡ ''ਚ ਫਟਿਆ ਬੱਦਲ, ਲਾਪਤਾ ਲੋਕਾਂ ਦੀ ਭਾਲ ਲਈ ਮੁਹਿੰਮ ਜਾਰੀ
Thursday, Jul 29, 2021 - 01:06 PM (IST)
ਜੰਮੂ- ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਹੋਂਜਾਰ ਪਿੰਡ 'ਚ ਬੱਦਲ ਫਟਣ ਦੀ ਘਟਨਾ ਤੋਂ ਬਾਅਦ ਲਾਪਤਾ 20 ਲੋਕਾਂ ਦਾ ਪਤਾ ਲਗਾਉਣ ਦੀ ਮੁਹਿੰਮ ਵੀਰਵਾਰ ਨੂੰ ਵੀ ਜਾਰੀ ਰਹੀ। ਸੁਦੂਰ ਪਿੰਡ 'ਚ ਬੁੱਧਵਾਰ ਸਵੇਰੇ ਬੱਦਲ ਫਟਣ ਦੀ ਘਟਨਾ 'ਚ 7 ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਵਿਅਕਤੀ ਜ਼ਖਮੀ ਹੋ ਗਏ। ਇਸ ਘਟਨਾ 'ਚ 21 ਘਰ, ਇਕ ਰਾਸ਼ਨ ਭੰਡਾਰ, ਇਕ ਪੁਲ, ਇਕ ਮਸਜਿਦ ਅਤੇ ਗਾਂਵਾਂ ਲਈ ਬਣੀ ਸ਼ੈੱਡ ਵੀ ਨੁਕਸਾਨੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ, ਫ਼ੌਜ ਅਤੇ ਰਾਜ ਆਫ਼ਤ ਰਿਸਪਾਂਸ ਫ਼ੋਰਸ (ਐੱਸ.ਡੀ.ਆਰ.ਐੱਫ.) ਦੀ ਸੰਯੁਕਤ ਬਚਾਅ ਮੁਹਿੰਮ ਜਾਰੀ ਹੈ ਤਾਂ ਕਿ 9 ਜਨਾਨੀਆਂ ਸਮੇਤ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਸਕੇ। ਪੁਲਸ ਜਨਰਲ ਡਾਇਰੈਕਟਰ ਸਹਿ ਹੋਮ ਗਾਰਡ, ਸਿਵਲ ਡਿਫੈਂਸ ਅਤੇ ਐੱਸ.ਡੀ.ਆਰ.ਐੱਫ. ਦੇ ਕਮਾਂਡੈਂਟ ਜਨਰਲ ਵੀ.ਕੇ. ਸਿੰਘ ਨੇ ਦੱਸਿਆ ਕਿ ਐੱਸ.ਡੀ.ਆਰ.ਐੱਫ ਅਤੇ ਐੱਨ.ਡੀ.ਆਰ.ਐੱਫ. ਦੀ ਇਕ ਟੀਮ ਜੰਮੂ ਤੋਂ ਕਿਸ਼ਤਵਾੜ ਲਈ ਵੀਰਵਾਰ ਸਵੇਰੇ 5.45 ਵਜੇ ਰਵਾਨਾ ਹੋਈ, ਜਦੋਂ ਕਿ ਇਕ ਹੋਰ ਸੰਯੁਕਤ ਟੀਮ ਜਲਦ ਸ਼੍ਰੀਨਗਰ ਰਵਾਨਾ ਹੋਵੇਗੀ।
ਉਨ੍ਹਾਂ ਨੇ ਦੱਸਿਆ ਕਿ ਐੱਸ.ਡੀ.ਆਰ.ਐੱਫ. ਅਤੇ ਐੱਨ.ਡੀ.ਆਰ.ਐੱਫ. ਦੀਆਂ 2 ਹੋਰ ਟੀਮਾਂ ਜੰਮੂ ਅਤੇ ਸ਼੍ਰੀਨਗਰ ਹਵਾਈ ਅੱਡੇ 'ਤੇ ਮੌਜੂਦ ਹੈ, ਜਿਸ ਨੂੰ ਮੌਸਮ ਠੀਕ ਹੁੰਦੇ ਹੀ ਰਵਾਨਾ ਕੀਤਾ ਜਾਵੇਗਾ। ਭਾਰਤੀ ਹਵਾਈ ਫ਼ੌਜ ਨੇ ਬੁੱਧਵਾਰ ਨੂੰ ਇਕ ਟੀਮ ਨੂੰ ਉੱਥੇ ਹਵਾਈ ਮਾਰਗ ਤੋਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਖ਼ਰਾਬ ਮੌਸਮ ਕਾਰਨ ਵਾਪਸ ਜੰਮੂ ਹਵਾਈ ਅੱਡੇ 'ਤੇ ਪਰਤ ਆਇਆ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਐਡੀਸ਼ਨਲ ਪੁਲਸ ਡਾਇਰੈਕਟਰ ਜਨਰਲ (ਜੰਮੂ ਖੇਤਰ) ਮੁਕੇਸ਼ ਸਿੰਘ ਬੁੱਧਵਾਰ ਰਾਤ ਸੜਕ ਮਾਰਗ ਤੋਂ ਕਿਸ਼ਤਵਾੜ ਪਹੁੰਚੇ ਅਤੇ ਜ਼ਿਲ੍ਹਾ ਹਸਪਤਾਲ 'ਚ ਜ਼ਖਮੀ ਲੋਕਾਂ ਨਾਲ ਮੁਲਾਕਾਤ ਕੀਤੀ। ਘਟਨਾ 'ਚ ਮਰਨ ਵਾਲੇ ਲੋਕਾਂ ਦੇ ਪਰਿਵਾਰ ਵਾਲਿਆਂ ਲਈ ਜੰਮੂ ਕਸ਼ਮੀਰ ਸਰਕਾਰ ਨੇ 5 ਲੱਖ ਰੁਪਏ ਮੁਆਵਜ਼ਾ ਅਤੇ ਜ਼ਖਮੀ ਲੋਕਾਂ ਨੂੰ 50-50 ਹਜ਼ਾਰ ਰੁਪਏ ਅਤੇ ਐੱਸ.ਡੀ.ਆਰ.ਐੱਫ. ਦੇ ਅਧੀਨ 12,700 ਰੁਪਏ ਦੇਣ ਦਾ ਐਲਾਨ ਕੀਤਾ ਹੈ। ਉੱਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਸੀ,''ਜੰਮੂ ਕਸ਼ਮੀਰ ਸਰਕਾਰ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਹਰ ਸੰਭਵ ਸਹਿਯੋਗ ਦੇਵੇਗੀ।