ਈਰਾਨ ਤੋਂ ਚੀਨ ਜਾ ਰਹੇ ਯਾਤਰੀ ਹਵਾਈ ਜਹਾਜ਼ ਵਿਚ ਬੰਬ ਦੀ ਸੂਚਨਾ, ਹਰਕਤ 'ਚ ਆਈ ਭਾਰਤੀ ਫੌਜ

Monday, Oct 03, 2022 - 03:38 PM (IST)

ਈਰਾਨ ਤੋਂ ਚੀਨ ਜਾ ਰਹੇ ਯਾਤਰੀ ਹਵਾਈ ਜਹਾਜ਼ ਵਿਚ ਬੰਬ ਦੀ ਸੂਚਨਾ, ਹਰਕਤ 'ਚ ਆਈ ਭਾਰਤੀ ਫੌਜ

ਨਵੀਂ ਦਿੱਲੀ (ਵਾਰਤਾ) -  ਆਖਰਕਾਰ ਈਰਾਨ ਦੇ ਜਹਾਜ਼ ਡਬਲਯੂ 581 ਨੇ ਆਪਣੀ ਮੰਜ਼ਿਲ ਗੁਆਂਗਜ਼ੂ ਵਿੱਚ ਸੁਰੱਖਿਅਤ ਲੈਂਡਿੰਗ ਕਰ ਲਈ ਹੈ। ਇਸ ਨਾਲ ਈਰਾਨ, ਪਾਕਿਸਤਾਨ, ਭਾਰਤ ਅਤੇ ਚੀਨ ਦੀਆਂ ਸੁਰੱਖਿਆ ਏਜੰਸੀਆਂ ਨੂੰ ਵੱਡੀ ਰਾਹਤ ਮਿਲੀ ਹੈ। ਈਰਾਨ ਦੀ ਮਹਾਨ ਏਅਰ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਜਹਾਜ਼ ਸਮੇਂ 'ਤੇ ਗੁਆਂਗਜ਼ੂ ਪਹੁੰਚ ਗਿਆ ਹੈ।

ਜ਼ਿਕਰਯੋਗ ਹੈ ਕਿ ਘਟਨਾ ਮੁਤਾਬਕ ਈਰਾਨ ਦੀ ਰਾਜਧਾਨੀ ਤਹਿਰਾਨ ਤੋਂ ਚੀਨ ਜਾ ਰਹੇ ਇਕ ਯਾਤਰੀ ਜਹਾਜ਼ ਵਿਚ ਭਾਰਤੀ ਹਵਾਈ ਖੇਤਰ ਵਿਚੋਂ ਲੰਘਦੇ ਸਮੇਂ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਹਰਕਤ ਵਿਚ ਆਈ ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਇਸ ਦਾ ਪਿੱਛਾ ਕੀਤਾ ਅਤੇ ਇਸ ਦੇ ਭਾਰਤੀ ਹਵਾਈ ਖੇਤਰ 'ਚ ਰਹਿਣ ਦਰਮਿਆਨ ਇਸ ਉੱਤੇ ਤਿੱਖੀ ਨਜ਼ਰ ਰੱਖੀ ਗਈ। 

ਯਾਤਰੀ ਜਹਾਜ਼ 'ਚ ਬੰਬ ਰੱਖੇ ਹੋਣ ਦੀ ਸੂਚਨਾ ਮਿਲਣ 'ਤੇ ਈਰਾਨੀ ਏਅਰਲਾਈਨ ਨੇ ਦਿੱਲੀ ਸਥਿਤ ਏਅਰ ਕੰਟਰੋਲ ਰੂਮ (ਏ.ਟੀ.ਸੀ.) ਕੋਲੋਂ ਦਿੱਲੀ 'ਚ ਐਮਰਜੈਂਸੀ ਲੈਂਡਿੰਗ ਕਰਨ ਦੀ ਇਜਾਜ਼ਤ ਮੰਗੀ। ਦਿੱਲੀ ਏਟੀਸੀ ਨੇ ਜਹਾਜ਼ ਦੇ ਲੈਂਡਿੰਗ ਦੀ ਤਿਆਰੀ ਤਾਂ ਕੀਤੀ ਪਰ ਜਹਾਜ਼ ਨੂੰ ਲੈਂਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਇਸ ਪ੍ਰਕਿਰਿਆ 'ਚ 45 ਮਿੰਟ ਯਾਨੀ ਸਵੇਰੇ 9.20 ਤੋਂ 10.5 ਵਜੇ ਤੱਕ ਇਹ ਜਹਾਜ਼ ਦਿੱਲੀ ਦੇ ਅਸਮਾਨ 'ਚ ਘੁੰਮਦਾ ਰਿਹਾ। 

ਇਹ ਵੀ ਪੜ੍ਹੋ : ਨਰਾਤਿਆਂ ਦਰਮਿਆਨ ਮੰਦਿਰਾਂ 'ਚ ਵਧੀ ਸ਼ਰਧਾਲੂਆਂ ਦੀ ਆਮਦ, ਫੁੱਲਾਂ ਦੀਆਂ ਕੀਮਤਾਂ ਨੇ ਮਹਿੰਗੀ ਕੀਤੀ ਪੂਜਾ ਦੀ ਥਾਲੀ

ਹਵਾਈ ਫੌਜ ਦੇ ਸੂਤਰਾਂ ਨੇ ਦੱਸਿਆ ਕਿ ਜਹਾਜ਼ ਵਿੱਚ ਬੰਬ ਰੱਖਿਆ ਹੋਣ ਦੀ ਸੂਚਨਾ ਮਿਲਦੇ ਹੀ ਸੁਖੋਈ ਲੜਾਕੂ ਜਹਾਜ਼ਾਂ ਨੂੰ ਇਸ ਨੂੰ ਘੇਰਨ ਲਈ ਉਡਾਇਆ ਗਿਆ। ਸੁਖੋਈ ਜਹਾਜ਼ ਨੇ ਸੁਰੱਖਿਅਤ ਦੂਰੀ ਤੋਂ ਜਹਾਜ਼ ਦਾ ਪਿੱਛਾ ਕੀਤਾ।

ਈਰਾਨੀ ਯਾਤਰੀ ਜਹਾਜ਼ ਨੂੰ ਜੈਪੁਰ ਜਾਂ ਦਿੱਲੀ ਵਿਚ ਉਤਰਨ ਦੀ ਸਲਾਹ ਦਿੱਤੀ ਗਈ ਸੀ, ਹਾਲਾਂਕਿ ਇਸ ਦੌਰਾਨ ਈਰਾਨੀ ਏਅਰਲਾਈਨ ਨੇ ਜਹਾਜ਼ ਵਿਚ ਬੰਬ ਹੋਣ ਦੀ ਰਿਪੋਰਟ ਨੂੰ ਵਾਪਸ ਲੈ ਲਿਆ। ਇਸ ਤੋਂ ਬਾਅਦ ਪਾਇਲਟ ਨੇ ਕਿਹਾ ਕਿ ਉਹ ਜਹਾਜ਼ ਨੂੰ ਚੀਨ ਸਥਿਤ ਆਪਣੀ ਮੰਜ਼ਿਲ 'ਤੇ ਲੈ ਜਾ ਰਿਹਾ ਹੈ।

ਹਵਾਈ ਫੌਜ ਦਾ ਕਹਿਣਾ ਹੈ ਕਿ ਸਥਿਤੀ ਦੇ ਮੱਦੇਨਜ਼ਰ, ਉਸ ਨੇ ਨਿਰਧਾਰਤ ਪ੍ਰਕਿਰਿਆ ਅਤੇ ਨਿਯਮਾਂ ਦੇ ਆਧਾਰ 'ਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਹਿਯੋਗ ਨਾਲ ਸਾਰੇ ਜ਼ਰੂਰੀ ਕਦਮ ਚੁੱਕੇ ਹਨ। ਹਵਾਈ ਫੌਜ ਨੇ ਕਿਹਾ ਕਿ ਜਿਸ ਸਮੇਂ ਤੱਕ ਈਰਾਨੀ ਯਾਤਰੀ ਜਹਾਜ਼ ਭਾਰਤੀ ਖੇਤਰ 'ਚ ਰਿਹਾ, ਉਸ 'ਤੇ ਹਵਾਈ ਸੈਨਾ ਦੇ ਰਾਡਾਰਾਂ ਅਤੇ ਜਹਾਜ਼ਾਂ ਦੁਆਰਾ ਨੇੜਿਓਂ ਨਜ਼ਰ ਰੱਖੀ ਗਈ। ਇਹ ਘਟਨਾਕ੍ਰਮ ਅਜਿਹੇ ਸਮੇਂ ਹੋਇਆ ਜਦੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਜੋਧਪੁਰ 'ਚ ਹਵਾਈ ਫੌਜ ਦੇ ਬੇੜੇ 'ਚ ਲਾਈਟ ਕੰਬੈਟ ਹੈਲੀਕਾਪਟਰ ਨੂੰ ਸ਼ਾਮਲ ਕਰਨ ਦੇ ਸਮਾਰੋਹ 'ਚ ਹਿੱਸਾ ਲੈ ਰਹੇ ਸਨ।

ਇਹ ਵੀ ਪੜ੍ਹੋ : ਤੇਲ ਕੰਪਨੀਆਂ ਲਈ ਵੱਡੀ ਰਾਹਤ, ਸਰਕਾਰ ਨੇ ਘਰੇਲੂ ਕੱਚੇ ਤੇਲ ਅਤੇ ਡੀਜ਼ਲ 'ਤੇ ਵਿੰਡਫਾਲ ਟੈਕਸ 'ਚ ਕੀਤੀ ਕਟੌਤੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News