8 ਵਜੇ ਤਕ ਹੋਣ ਸਾਰੀਆਂ ਦੁਕਾਨਾਂ ਬੰਦ, ਆਏ ਗਏ ਹਾਈਕੋਰਟ ਦੇ ਹੁਕਮ
Friday, Nov 08, 2024 - 08:16 PM (IST)
ਇੰਟਰਨੈਸ਼ਨਲ ਡੈਸਕ : ਦੱਖਣੀ ਏਸ਼ੀਆ ਦੇ ਕਈ ਦੇਸ਼ ਇਸ ਸਮੇਂ ਹਵਾ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਹਨ। ਇਹ ਸਮੱਸਿਆ ਆਮ ਤੌਰ 'ਤੇ ਹਰ ਸਾਲ ਸਰਦੀਆਂ ਦੇ ਮੌਸਮ 'ਚ ਬਣੀ ਰਹਿੰਦੀ ਹੈ। ਗੁਆਂਢੀ ਦੇਸ਼ ਪਾਕਿਸਤਾਨ ਵੀ ਇਸ ਸਮੱਸਿਆ ਨਾਲ ਜੂਝ ਰਿਹਾ ਹੈ ਅਤੇ ਪਾਕਿਸਤਾਨ ਦਾ ਪੰਜਾਬ ਸੂਬਾ ਇਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੈ।
ਸ਼ੁੱਕਰਵਾਰ ਨੂੰ ਲਾਹੌਰ ਹਾਈ ਕੋਰਟ 'ਚ ਇਸ ਸਬੰਧ 'ਚ ਸੁਣਵਾਈ ਹੋਈ। ਅਦਾਲਤ ਨੇ ਪੰਜਾਬ ਸਰਕਾਰ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਲੱਗਦਾ ਹੈ ਕਿ ਸਰਕਾਰ ਇਸ ਸਮੱਸਿਆ ਨਾਲ ਨਜਿੱਠਣ ਲਈ ਗੰਭੀਰ ਨਹੀਂ ਹੈ। ਸਰਕਾਰ 'ਤੇ ਸਖ਼ਤ ਟਿੱਪਣੀ ਕਰਦੇ ਹੋਏ ਅਦਾਲਤ ਨੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ਵਿੱਚ ਜਨਤਕ ਥਾਵਾਂ 'ਤੇ ਪਾਬੰਦੀ ਲਗਾਉਣ ਤੋਂ ਲੈ ਕੇ ਰਾਤ 8 ਵਜੇ ਤੋਂ ਬਾਅਦ ਸ਼ਹਿਰ ਵਿਚ ਦੁਕਾਨਾਂ ਬੰਦ ਕਰਨ ਦੇ ਹੁਕਮ ਵੀ ਸ਼ਾਮਲ ਹਨ।
ਜਨਤਕ ਥਾਵਾਂ 'ਤੇ ਪਾਬੰਦੀਆਂ
ਹਾਈ ਕੋਰਟ ਨੇ ਆਪਣੇ ਹੁਕਮਾਂ ਵਿੱਚ ਲਾਹੌਰ ਦੇ ਸਾਰੇ ਜਨਤਕ ਸਥਾਨਾਂ ਜਿਵੇਂ ਪਾਰਕਾਂ, ਚਿੜੀਆਘਰਾਂ, ਖੇਡ ਦੇ ਮੈਦਾਨਾਂ, ਇਤਿਹਾਸਕ ਸਥਾਨਾਂ, ਸਮਾਰਕਾਂ, ਅਜਾਇਬ ਘਰਾਂ ਅਤੇ ਮਨੋਰੰਜਨ ਸਥਾਨਾਂ ਵਿੱਚ 17 ਨਵੰਬਰ ਤੱਕ ਜਨਤਕ ਦਾਖਲੇ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਅਦਾਲਤ ਨੇ ਹਰ ਰੋਜ਼ ਸ਼ਾਮ 8 ਵਜੇ ਬਾਜ਼ਾਰ ਬੰਦ ਰੱਖਣ ਦੇ ਹੁਕਮ ਦਿੱਤੇ ਅਤੇ ਪੁਲਸ ਨੂੰ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।
ਅਦਾਲਤ ਨੇ ਪ੍ਰਸ਼ਾਸਨ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਪ੍ਰਸ਼ਾਸਨ ਕੋਈ ਕਾਰਗਰ ਕਦਮ ਨਹੀਂ ਚੁੱਕ ਰਿਹਾ। ਅਦਾਲਤ ਨੇ ਲਾਹੌਰ ਦੇ ਡੀਸੀ ਅਤੇ ਕਮਿਸ਼ਨਰ ਨੂੰ ਵੀ ਸ਼ਹਿਰ ਦਾ ਮੁਆਇਨਾ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਪੰਜਾਬ ਸਰਕਾਰ 'ਤੇ ਵੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਅਦਾਲਤ ਦੇ ਹੁਕਮਾਂ ਬਾਰੇ ਸਹਿਮਤ ਨਹੀਂ ਜਾਪਦੀ।
ਪਾਕਿਸਤਾਨ ਦੱਸ ਰਿਹਾ ਭਾਰਤ ਨੂੰ ਦੋਸ਼ੀ
ਪਿਛਲੇ ਹਫ਼ਤੇ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਹਵਾ ਪ੍ਰਦੂਸ਼ਣ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਸੀ। ਪੰਜਾਬ ਸੂਬੇ ਦੀ ਸਰਕਾਰ ਨੇ ਇਸ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਭਾਰਤ ਤੋਂ ਆਉਣ ਵਾਲੀ ਹਵਾ ਪਾਕਿਸਤਾਨ ਵਿੱਚ ਪ੍ਰਦੂਸ਼ਣ ਦਾ ਕਾਰਨ ਬਣ ਰਹੀ ਹੈ।
ਪਹਿਲਾਂ ਹੀ ਲੱਗਾ ਹੋਇਆ ਗ੍ਰੀਨ ਲਾਕਡਾਊਨ
ਪਾਕਿਸਤਾਨ ਦੇ ਪੰਜਾਬ ਸੂਬੇ ਦੀ ਹਵਾ ਵਿਗੜਣ ਪਿੱਛੋਂ ਉਥੋਂ ਦੀ ਸਰਕਾਰ ਨੇ ਪਹਿਲਾਂ ਹੀ ਗ੍ਰੀਨ ਲਾਕਡਾਉਨ ਤਹਿਤ ਪਾਬੰਦੀਆਂ ਲਗਾਈਆਂ ਹੋਈਆਂ ਹਨ। ਇਨ੍ਹਾਂ ਪਾਬੰਦੀਆਂ ਤਹਿਤ ਹੇਠ ਲਿਖੇ ਨਿਯਮ ਲਾਗੂ ਕੀਤੇ ਗਏ ਹਨ।
- ਲਾਹੌਰ ਦੇ ਸਾਰੇ ਪ੍ਰਾਇਮਰੀ ਸਕੂਲਾਂ ਨੂੰ ਇੱਕ ਹਫ਼ਤੇ ਲਈ ਬੰਦ ਕਰ ਦਿੱਤਾ ਗਿਆ ਹੈ।
- ਲਾਹੌਰ ਵਿੱਚ ਸਾਰੇ ਲੋਕਾਂ ਲਈ ਫੇਸ ਮਾਸਕ ਪਹਿਨਣਾ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ।
- ਗ੍ਰੀਨ ਲਾਕਡਾਊਨ ਲਗਾਇਆ ਗਿਆ ਹੈ, ਜਿਸ ਕਾਰਨ 50 ਫੀਸਦੀ ਕਰਮਚਾਰੀ ਘਰੋਂ ਕੰਮ ਕਰਨਗੇ ਭਾਵ ਵਰਕ ਫਰਾਮ ਹੋਮ ਕਰਨਗੇ।
- ਸਰਕਾਰ ਨੇ ਮੋਟਰ ਰਿਕਸ਼ਾ 'ਤੇ ਪਾਬੰਦੀ ਲਗਾ ਦਿੱਤੀ ਹੈ।
- ਮੈਰਿਜ ਹਾਲਾਂ ਨੂੰ ਰਾਤ 10 ਵਜੇ ਤੋਂ ਬਾਅਦ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।
- ਲਾਹੌਰ ਦੇ ਕੁਝ ਇਲਾਕਿਆਂ 'ਚ ਉਸਾਰੀ ਦੇ ਕੰਮ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
- ਧੂੰਆਂ ਛੱਡਣ ਵਾਲੇ ਵਾਹਨ ਮਾਲਕਾਂ ਨੂੰ ਜੁਰਮਾਨਾ ਲਾਉਣ ਦੇ ਹੁਕਮ।