ਸਵੱਛਤਾ ਨਾਲ ਹੀ ਭਾਰਤ ਸਿਹਤਮੰਦ ਅਤੇ ਵਿਕਸਿਤ ਹੋਵੇਗਾ: ਰਾਸ਼ਟਰਪਤੀ ਮੁਰਮੂ

Thursday, Sep 19, 2024 - 01:49 PM (IST)

ਉਜੈਨ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵੀਰਵਾਰ ਨੂੰ ਲੋਕਾਂ ਨੂੰ ਅੱਗੇ ਆਉਣ ਅਤੇ ਸਵੱਛਤਾ ਵੱਲ ਕਦਮ ਚੁੱਕਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਵੱਛਤਾ ਨਾਲ ਹੀ ਭਾਰਤ ਸਿਹਤਮੰਦ ਅਤੇ ਵਿਕਸਿਤ ਹੋਵੇਗਾ। ਉਜੈਨ ਵਿਚ ਸਫ਼ਾਈ ਮਿੱਤਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੁਰਮੂ ਨੇ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਨੂੰ ਲਗਾਤਾਰ 7ਵੀਂ ਵਾਰ ਸਵੱਛਤਾ ਸਰਵੇਖਣ ਵਿਚ ਸਿਖਰ 'ਤੇ ਰਹਿਣ ਲਈ ਅਤੇ ਭੋਪਾਲ ਨੂੰ ਦੇਸ਼ ਵਿਚ ਸਭ ਤੋਂ ਸਾਫ਼ ਸੂਬੇ ਦੀ ਰਾਜਧਾਨੀ ਹੋਣ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਮੈਂ ਸਫ਼ਾਈ ਮਿੱਤਰਾਂ ਨੂੰ ਸਨਮਾਨਿਤ ਕਰਕੇ ਬਹੁਤ ਖੁਸ਼ ਹਾਂ। ਸਵੱਛਤਾ ਨਾਲ ਹੀ ਦੇਸ਼ ਤੰਦਰੁਸਤ ਅਤੇ ਵਿਕਸਿਤ ਹੋਵੇਗਾ। ਸਫ਼ਾਈ ਮਿੱਤਰਾਂ ਦਾ ਸਨਮਾਨ ਕਰਕੇ ਅਸੀਂ ਆਪਣੇ ਆਪ ਨੂੰ ਸਨਮਾਨਿਤ ਕਰ ਰਹੇ ਹਾਂ।

ਮੁਰਮੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਨੂੰ 'ਸਵੱਛ, ਸਿਹਤਮੰਦ ਅਤੇ ਵਿਕਸਿਤ' ਬਣਾਉਣ ਲਈ ਇਕ ਕਦਮ ਅੱਗੇ ਵਧਾਉਣ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮਿਸ਼ਨ ਪਿਛਲੇ 10 ਸਾਲਾਂ 'ਚ ਇਕ ਦੇਸ਼ ਵਿਆਪੀ ਅੰਦੋਲਨ ਬਣ ਗਿਆ ਹੈ ਅਤੇ ਇਸ ਦੇ ਨਤੀਜੇ ਵਜੋਂ ਦੇਸ਼ 'ਚ ਵਿਆਪਕ ਤਬਦੀਲੀਆਂ ਆਈਆਂ ਹਨ। ਰਾਸ਼ਟਰਪਤੀ ਨੇ ਕਿਹਾ ਕਿ ਇਸ ਮੁਹਿੰਮ ਨਾਲ ਲੋਕਾਂ ਵਿਚ ਸਫ਼ਾਈ ਪ੍ਰਤੀ ਜਾਗਰੂਕਤਾ ਵਧੀ ਹੈ ਅਤੇ ਸਫ਼ਾਈ ਪ੍ਰਤੀ ਉਨ੍ਹਾਂ ਦੇ ਵਤੀਰੇ ਵਿਚ ਕਾਫੀ ਬਦਲਾਅ ਆਇਆ ਹੈ। ਉਨ੍ਹਾਂ ਸਕੂਲਾਂ 'ਚ ਵਿਦਿਆਰਥਣਾਂ ਲਈ ਪਖਾਨਿਆਂ ਦਾ ਪ੍ਰਬੰਧ ਕਰਨ ਲਈ ਸਰਕਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਲੜਕੀਆਂ ਦਾ ਸਾਖਰਤਾ ਪੱਧਰ ਵਧਿਆ ਹੈ। ਇਸ ਮੌਕੇ ਮੁਰਮੂ ਨੇ ਚਾਰ ਔਰਤਾਂ ਸਮੇਤ ਪੰਜ ਸਫ਼ਾਈ ਮਿੱਤਰਾਂ ਨੂੰ ਸਨਮਾਨਿਤ ਕੀਤਾ ਅਤੇ 1,692 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਉਜੈਨ-ਇੰਦੌਰ 6 ਮਾਰਗੀ ਸੜਕ ਦਾ ਨੀਂਹ ਪੱਥਰ ਵੀ ਰੱਖਿਆ।

ਰਾਸ਼ਟਰਪਤੀ ਮੁਰਮੂ ਮੱਧ ਪ੍ਰਦੇਸ਼ ਦੇ ਦੋ ਦਿਨਾਂ ਦੌਰੇ 'ਤੇ ਹਨ। ਬੁੱਧਵਾਰ ਨੂੰ ਉਹ ਇੰਦੌਰ ਵਿਚ ਰਵਾਇਤੀ ਬੁਣਕਰਾਂ ਅਤੇ ਲੋਕ ਕਲਾਕਾਰਾਂ ਨੂੰ ਮਿਲੇ। ਰਾਸ਼ਟਰਪਤੀ ਨੇ ਵੀਰਵਾਰ ਸਵੇਰੇ ਇੰਦੌਰ ਦੀ ਇਤਿਹਾਸਕ ਰੈਜ਼ੀਡੈਂਸੀ ਕੋਠੀ ਦੇ ਅਹਾਤੇ 'ਚ ਕਦੰਬਾ ਦਾ ਬੂਟਾ ਲਗਾਇਆ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਦੇਵੀ ਅਹਿਲਿਆ ਯੂਨੀਵਰਸਿਟੀ ਦੇ ਡਾਇਮੰਡ ਜੁਬਲੀ ਕਾਨਵੋਕੇਸ਼ਨ 'ਚ ਸ਼ਾਮਲ ਹੋਣ ਲਈ ਵੀਰਵਾਰ ਨੂੰ ਹੀ ਉਜੈਨ ਤੋਂ ਇੰਦੌਰ ਆਉਣਗੇ। ਸੂਬਾ ਸਰਕਾਰ ਵੱਲੋਂ 1964 'ਚ ਸਥਾਪਤ ਕੀਤੀ ਯੂਨੀਵਰਸਿਟੀ ਇਸ ਸਾਲ ਆਪਣੇ 60 ਸਾਲ ਪੂਰੇ ਕਰ ਰਹੀ ਹੈ।


Tanu

Content Editor

Related News