ਸੂਰਾਂ ਲਈ ਕਲਾਸੀਕਲ ਸਵਾਈਨ ਫੀਵਰ ਰੋਧੀ ਟੀਕਾ ਜਾਰੀ

02/04/2020 1:54:21 AM

ਨਵੀਂ ਦਿੱਲੀ (ਯੂ. ਐੱਨ. ਆਈ.)–ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਸਕੱਤਰ ਅਤੁਲ ਚਤੁਰਵੇਦੀ ਅਤੇ ਭਾਰਤੀ ਖੇਤੀਬਾੜੀ ਖੋਜ ਪਰਿਸ਼ਦ ਦੇ ਡਾਇਰੈਕਟਰ ਜਨਰਲ ਤ੍ਰਿਲੋਚਨ ਮਹਾਪਾਤਰੀ ਨੇ ਸੋਮਵਾਰ ਨੂੰ ਸੂਰਾਂ ’ਚ ਹੋਣ ਵਾਲੀ ਖਤਰਨਾਕ ਬੀਮਾਰੀ ਕਲਾਸੀਕਲ ਸਵਾਈਨ ਫੀਵਰ ਰੋਧੀ ਦੇਸੀ ਟੀਕਾ ਕਲਾਸੀਕਲ ਸਵਾਈਨ ਫੀਵਰ ਸੈੱਸ ਕਲਚਰ ਵੈਕਸੀਨ (ਸੀ. ਐੱਸ. ਐੱਫ.) ਜਾਰੀ ਕੀਤਾ। ਇਹ ਟੀਕਾ ਸਿਰਫ 2 ਰੁਪਏ ਦਾ ਹੈ ਅਤੇ ਇਸ ਦਾ ਅਸਰ ਦੋ ਸਾਲ ਤੱਕ ਰਹਿੰਦਾ ਹੈ। ਪਹਿਲਾਂ ਵਰਤੇ ਜਾ ਰਹੇ ਟੀਕੇ ਦੀ ਕੀਮਤ 20 ਰੁਪਏ ਸੀ ਅਤੇ ਇਸ ਦਾ ਅਸਰ ਛੇ ਮਹੀਨੇ ਤੱਕ ਹੀ ਰਹਿੰਦਾ ਸੀ। ਇਸ ਤਰ੍ਹਾਂ ਕਿਸਾਨਾਂ ਨੂੰ ਕਲਾਸੀਕਲ ਸਵਾਈਨ ਫੀਵਰ ਰੋਧੀ ਟੀਕੇ ’ਤੇ 2 ਸਾਲ ’ਚ 80 ਰੁਪਏ ਖਰਚ ਕਰਨੇ ਪੈਂਦੇ ਸਨ।
ਅਤੁਲ ਚਤੁਰਵੇਦੀ ਅਤੇ ਡਾ. ਮਹਾਪਾਤਰਾ ਨੇ ਦੱਸਿਆ ਕਿ ਭਾਰਤੀ ਪਸ਼ੂ ਮੈਡੀਕਲ ਖੋਜ ਸੰਸਥਾਨ ਇੱਜ਼ਤਨਗਰ ਦੇ ਵਿਗਿਆਨੀਆਂ ਦੀ ਇਕ ਟੀਮ ਨੇ ਤਿੰਨ-ਚਾਰ ਸਾਲ ਦੀ ਖੋਜ ਤੋਂ ਬਾਅਦ ਸੀ.ਐੱਫ. ਐੱਲ. ਵਿਸ਼ਾਣੂ ਤੋਂ ਕਲਾਸੀਕਲ ਸਵਾਈਨ ਫੀਵਰ ਸੈੱਲ ਕਲਚਰ ਵੈਕਸੀਨ ਦਾ ਵਿਕਾਸ ਕੀਤਾ ਹੈ। ਪਹਿਲਾਂ ਬ੍ਰਿਟੇਨ ਦੇ ਵਿਸ਼ਾਣੂ ਨਾਲ ਖਰਗੋਸ਼ ਦੇ ਮਾਧਿਅਮ ਨਾਲ ਇਹ ਟੀਕਾ ਬਣਾਇਆ ਜਾਂਦਾ ਸੀ।
ਖਰਗੋਸ਼ ਦੀ ਤਿੱਲੀ (ਸਪੀਲੀਨ) ਤੋਂ ਟੀਕਾ ਤਿਆਰ ਹੁੰਦਾ ਸੀ ਅਤੇ ਇਸ ’ਚ ਲੱਖਾਂ ਖਰਗੋਸ਼ਾਂ ਦੀ ਜਾਨ ਚਲੀ ਜਾਂਦੀ ਸੀ। ਇਕ ਖਰਗੋਸ਼ ਤੋਂ 50 ਤੋਂ 60 ਡੋਜ਼ ਟੀਕਾ ਤਿਆਰ ਹੁੰਦਾ ਸੀ। ਇਸ ਮੌਕੇ ’ਤੇ ਪਸ਼ੂ ਮੈਡੀਕਲ ਖੋਜ ਸੰਸਥਾਨ ਦੇ ਡਾਇਰੈਕਟਰ ਡਾ. ਆਰ. ਕੇ. ਸਿੰਘ ਵੀ ਹਾਜ਼ਰ ਸਨ। ਅਤੁਲ ਚਤੁਰਵੇਦੀ ਅਤੇ ਡਾ. ਮਹਾਪਾਤਰਾ ਨੇ ਦੱਸਿਆ ਕਿ ਦੇਸ਼ ’ਚ ਸਾਲਾਨਾ ਦੋ ਕਰੋੜ ਟੀਕੇ ਦੀ ਲੋੜ ਹੈ ਪਰ ਉਤਪਾਦਨ 12 ਲੱਖ ਟੀਕੇ ਦਾ ਹੀ ਹੁੰਦਾ ਸੀ। ਹਾਲ ਹੀ ਸਾਲਾਂ ’ਚ ਦੇਸ਼ ’ਚ ਸੂਰਾਂ ਦੀ ਗਿਣਤੀ ’ਚ ਕਮੀ ਆਈ ਸੀ। ਦੇਸ਼ ’ਚ ਲਗਭਗ 90 ਲੱਖ ਸੂਰ ਹੋਣ ਦਾ ਅਨੁਮਾਨ ਹੈ। ਕਲਾਸੀਕਲ ਸਵਾਈਨ ਫੀਵਰ ਤੋਂ ਪੀੜਤ ਸੂਰਾਂ ’ਚ 100 ਫੀਸਦੀ ਮੌਤ ਹੁੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਨਵੇਂ ਟੀਕੇ ਦਾ ਛੇ ਮਹੀਨੇ ਦੇ ਅੰਦਰ ਕਾਰੋਬਾਰਿਕ ਉਤਪਾਦਨ ਸ਼ੁਰੂ ਹੋ ਜਾਵੇਗਾ।


Sunny Mehra

Content Editor

Related News