ਨਾਰਥ ਸਿੱਕਿਮ ''ਚ ਚੀਨ ਤੇ ਭਾਰਤੀ ਫੌਜੀਆਂ ਵਿਚਾਲੇ ਝੜਪ, ਲੱਗੀਆਂ ਮਾਮੂਲੀ ਸੱਟਾਂ

05/10/2020 8:08:06 PM

 

ਨਵੀਂ ਦਿੱਲੀ (ਏਜੰਸੀਆਂ)- ਨਾਰਥ ਸਿੱਕਿਮ ਦੇ ਨਾਥੂ ਲਾ ਸੈਕਟਰ ਵਿਚ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਝੜਪ ਦੀ ਘਟਨਾ ਸਾਹਮਣੇ ਆਈ ਹੈ। ਇਸ ਝੜਪ ਵਿਚਾਲੇ ਦੋਹਾਂ ਪਾਸੇ ਦੇ ਫੌਜੀ ਜ਼ਖਮੀ ਹੋਏ ਹਨ। ਕੁਝ ਮੀਡੀਆ ਰਿਪੋਰਟਾਂ ਮੁਤਾਬਕ, ਇਸ ਵਿਚ 7 ਚੀਨੀ ਫੌਜੀ ਅਤੇ 4 ਭਾਰਤੀ ਫੌਜੀ ਜ਼ਖਮੀ ਹੋਏ ਹਨ। ਫੌਜ ਦੇ ਸੂਤਰਾਂ ਨੇ ਦੱਸਿਆ ਕਿ ਸਿੱਕਿਮ ਵਿਚ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਆਹਮੋ-ਸਾਹਮਣਾ ਹੋਇਆ, ਜਿਸ ਵਿਚ ਦੋਹਾਂ ਧਿਰਾਂ ਦੇ ਮੈਂਬਰਾਂ ਨੂੰ ਮਾਮੂਲੀ ਸੱਟਾਂ ਵੱਜੀਆਂ ਹਨ। ਇਸ ਦੌਰਾਨ ਭਾਰਤੀ ਅਤੇ ਚੀਨੀ ਫੌਜ ਦੇ ਜਵਾਨ ਹਮਲਾਵਰ ਹੋ ਗਏ ਸਨ। ਬਾਅਦ ਵਿਚ ਸਥਾਨਕ ਪੱਧਰ 'ਤੇ ਗੱਲਬਾਤ ਤੋਂ ਬਾਅਦ ਫੌਜੀਆਂ ਨੂੰ ਹਟਾ ਦਿੱਤਾ ਗਿਆ।

ਅਸਲ ਵਿਚ ਸਰਹੱਦੀ ਵਿਵਾਦ ਕਾਰਨ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਕਦੇ-ਕਦੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਬਾਅਦ ਵਿਚ ਫੌਜ ਦੇ ਜਵਾਨ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਸਥਾਪਿਤ ਪ੍ਰੋਟੋਕਾਲ ਮੁਤਾਬਕ ਰਸਮੀ ਤੌਰ 'ਤੇ ਹੱਲ ਕਰ ਲੈਂਦੇ ਹਨ। ਇਸ ਵਾਰ ਲੰਬੇ ਸਮੇਂ ਬਾਅਦ ਅਜਿਹੀ ਘਟਨਾ ਹੋਈ ਹੈ।
ਚੀਨ ਜੰਮੂ-ਕਸ਼ਮੀਰ 'ਤੇ ਟਿੱਪਣੀ ਕਰਨ ਤੋਂ ਵੀ ਬਾਜ਼ ਨਹੀਂ ਆ ਰਿਹਾ ਹੈ। ਅਜੇ ਹਾਲ ਹੀ ਵਿਚ ਸੰਯੁਕਤ ਰਾਸ਼ਟਰ ਵਿਚ ਚੀਨ ਦੇ ਸਥਾਈ ਮਿਸ਼ਨ ਦੇ ਬੁਲਾਰੇ ਵਲੋਂ ਜੰਮੂ-ਕਸ਼ਮੀਰ 'ਤੇ ਟਿੱਪਣੀ ਕੀਤੀ ਗਈ, ਜਿਸ ਨੂੰ ਭਾਰਤ ਨੇ ਰੱਦ ਕਰ ਦਿੱਤਾ। 

ਚੀਨ ਦੀ ਘੁਸਪੈਠ ਦੀ ਕੋਸ਼ਿਸ਼ ਤੋਂ ਬਾਅਦ ਹੁੰਦਾ ਹੈ ਤਣਾਅ
ਭਾਰਤ ਦਾ ਚੀਨ ਨਾਲ ਸਰਹੱਦੀ ਵਿਵਾਦ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਅਕਸਰ ਚੀਨੀ ਫੌਜੀ ਭਾਰਤੀ ਸਰਹੱਦ ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਭਾਰਤੀ ਫੌਜੀਆਂ ਦੀ ਸਾਵਧਾਨੀ ਕਾਰਨ ਉਹ ਇਸ ਵਿਚ ਕਾਮਯਾਬ ਨਹੀਂ ਹੁੰਦੇ ਅਤੇ ਇਸ ਵਜ੍ਹਾ ਨਾਲ ਸਰਹੱਦ 'ਤੇ ਹੀ ਦੋਹਾਂ ਵਿਚਾਲੇ ਟਕਰਾਅ ਦੀ ਸਥਿਤੀ ਪੈਦਾ ਹੋ ਜਾਂਦੀ ਹੈ। 

4 ਹਜ਼ਾਰ ਕਿਮੀ ਲੰਬੀ ਐਲ.ਏ.ਸੀ. ਦੇ ਇਲਾਕਿਆਂ 'ਤੇ ਚੀਨ ਦੀ ਨਜ਼ਰ
ਭਾਰਤ ਅਤੇ ਚੀਨ ਵਿਚਾਲੇ 4 ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਲੰਬੀ ਅਸਲ ਕੰਟਰੋਲ ਲਾਈਨ (ਐਲ.ਏ.ਸੀ.) ਤਿੰਨ ਪੂਰਬੀ, ਮੱਧ ਅਤੇ ਪੱਛਮੀ ਸੈਕਟਰਾਂ ਵਿਚ ਵੰਡੀ ਹੋਈ ਹੈ। ਪੂਰਬੀ ਸੈਕਟਰ ਵਿਚ ਅਰੁਣਾਚਲ ਪ੍ਰਦੇਸ਼ ਦਾ ਇਲਾਕਾ ਪੈਂਦਾ ਹੈ ਜਿਸ ਦੇ 90 ਹਜ਼ਾਰ ਵਰਗ ਕਿਲੋਮੀਟਰ ਇਲਾਕੇ 'ਤੇ ਚੀਨ ਆਪਣਾ ਕਬਜ਼ਾ ਦੱਸਦਾ ਹੈ। ਮੱਧ ਸੈਕਟਰ ਵਿਚ ਉਤਰਾਖੰਡ, ਹਿਮਾਚਲ ਅਤੇ ਸਿੱਕਿਮ ਹੈ। ਇਸ ਇਲਾਕੇ ਵਿਚ ਵੀ ਉਤਰਾਖੰਡ ਦੇ ਬਾਰਾਹੁਤੀ ਖੇਤਰ 'ਤੇ ਚੀਨ ਦਾਅਵਾ ਕਰਦਾ ਹੈ। ਪੱਛਮੀ ਸੈਕਟਰ ਵਿਚ ਲੱਦਾਖ ਅਤੇ ਅਕਸਾਈ ਚਿੰਨ ਦਾ ਇਲਾਕਾ ਹੈ।


Sunny Mehra

Content Editor

Related News