ਝੰਡਾ ਵਿਵਾਦ ’ਚ ਵਾਰਾਣਸੀ ਦੇ ਨੇਹੀਆ ਪਿੰਡ ਵਿਚ ਹਿੰਸਾ, ACP ਸਮੇਤ ਕਈ ਪੁਲਸ ਮੁਲਾਜ਼ਮ ਜ਼ਖਮੀ

Sunday, Apr 19, 2026 - 12:15 AM (IST)

ਝੰਡਾ ਵਿਵਾਦ ’ਚ ਵਾਰਾਣਸੀ ਦੇ ਨੇਹੀਆ ਪਿੰਡ ਵਿਚ ਹਿੰਸਾ, ACP ਸਮੇਤ ਕਈ ਪੁਲਸ ਮੁਲਾਜ਼ਮ ਜ਼ਖਮੀ

ਵਾਰਾਣਸੀ- ਉੱਤਰ ਪ੍ਰਦੇਸ਼ ਦੇ ਵਾਰਾਣਸੀ ਜ਼ਿਲੇ ਦੇ ਚੋਲਾਪੁਰ ਥਾਣਾ ਖੇਤਰ ਦੇ ਅਧੀਨ ਆਉਂਦੇ ਨੇਹੀਆ ਪਿੰਡ ਵਿਚ ਮੁੱਖ ਗੇਟ ’ਤੇ ਝੰਡਾ ਲਗਾਉਣ ਨੂੰ ਲੈ ਕੇ ਹੋਇਆ ਵਿਵਾਦ ਸ਼ੁੱਕਰਵਾਰ ਨੂੰ ਹਿੰਸਾ ਵਿਚ ਬਦਲ ਗਿਆ। ਦੋ ਧਿਰਾਂ ਵਿਚਾਲੇ ਹੋਈ ਝੜਪ ਅਤੇ ਪੱਥਰਬਾਜ਼ੀ ਵਿਚ ਏ. ਸੀ. ਪੀ. ਸਮੇਤ ਕਈ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਇਸ ਤੋਂ ਬਾਅਦ ਪੁਲਸ ਨੂੰ ਲਾਠੀਚਾਰਜ ਕਰ ਕੇ ਭੀੜ ਨੂੰ ਖਿੰਡਾਉਣਾ ਪਿਆ। ਗੋਸਾਈਪੁਰ ਚੌਕੀ ਇੰਚਾਰਜ ਵਿਪਿਨ ਪਾਂਡੇ ਦੀ ਸ਼ਿਕਾਇਤ ’ਤੇ 11 ਨਾਮਜ਼ਦ ਅਤੇ 50 ਅਣਪਛਾਤੇ ਲੋਕਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਸ ਨੇ ਹੁਣ ਤੱਕ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਾਣਕਾਰੀ ਅਨੁਸਾਰ, ਬਟੁਕ ਭੈਰਵਨਾਥ ਮੰਦਰ ਦੇ ਮੁੱਖ ਗੇਟ ’ਤੇ ਰਾਮਨੌਮੀ ਮੌਕੇ ਹਿੰਦੂ ਸੰਗਠਨਾਂ ਵੱਲੋਂ ਕੇਸਰੀ ਝੰਡਾ ਲਗਾਇਆ ਗਿਆ ਸੀ। ਇਸ ਤੋਂ ਬਾਅਦ 14 ਅਪ੍ਰੈਲ ਨੂੰ ਅੰਬੇਡਕਰ ਜਯੰਤੀ ਵਾਲੇ ਦਿਨ ਉੱਥੇ ਅੰਬੇਡਕਰ ਦਾ ਝੰਡਾ ਵੀ ਲਗਾਇਆ ਗਿਆ, ਜਿਸ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ। ਵੀਰਵਾਰ ਨੂੰ ਪੁਲਸ ਅਧਿਕਾਰੀਆਂ ਨੇ ਦੋਵਾਂ ਧਿਰਾਂ ਨੂੰ ਸਮਝਾ ਕੇ ਸਥਿਤੀ ’ਤੇ ਕਾਬੂ ਪਾ ਲਿਆ ਸੀ, ਪਰ ਸ਼ੁੱਕਰਵਾਰ ਨੂੰ ਮੁੜ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ। ਭੀੜ ਹਿੰਸਕ ਹੋ ਗਈ ਅਤੇ ਮੌਕੇ ’ਤੇ ਪਹੁੰਚੀ ਪੁਲਸ ਟੀਮ ’ਤੇ ਪੱਥਰਬਾਜ਼ੀ ਕਰ ਦਿੱਤੀ। ਇਸ ਦੌਰਾਨ ਸਾਰਨਾਥ ਦੇ ਏ. ਸੀ. ਪੀ. ਵਿਦੁਸ਼ ਸਕਸੈਨਾ ਸਮੇਤ ਕਈ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਮੁਕੱਦਮੇ ਵਿਚ ਅਜੀਤ ਕੁਮਾਰ, ਪ੍ਰਦੀਪ ਕੁਮਾਰ, ਰਾਜਕੁਮਾਰ, ਨਿਖਿਲ, ਰਾਜਨ ਅਤੇ ਸੰਜੀਤ ਸਮੇਤ ਹੋਰ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਸ ਨੇ ਸਰਕਾਰੀ ਕੰਮ ਵਿਚ ਰੁਕਾਵਟ, ਹਿੰਸਾ ਅਤੇ ਹੋਰ ਦੋਸ਼ਾਂ ਵਿਚ ਕੁੱਲ 12 ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਅਨੁਸਾਰ ਪਿੰਡ ਦੇ ਮੁੱਖ ਗੇਟ ’ਤੇ ਭਾਰੀ ਪੁਲਸ ਫੋਰਸ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।


author

Rakesh

Content Editor

Related News