ਵਾਰਾਣਸੀ ’ਚ ਗੈਰਾਜ ਮਾਲਕ ਦਾ ਕੁੱਟ-ਕੁੱਟ ਕੇ ਕਤਲ
Saturday, May 30, 2026 - 12:19 AM (IST)
ਵਾਰਾਣਸੀ- ਸਾਰਨਾਥ ਥਾਣਾ ਖੇਤਰ ਵਿਚ ਵੀਰਵਾਰ ਨੂੰ ਇਕ ਗੈਰਾਜ ਮਾਲਕ ਦਾ ਕਥਿਤ ਤੌਰ ’ਤੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਪੁਲਸ ਨੇ ਇਕ ਔਰਤ ਅਤੇ ਉਸ ਦੇ ਭਾਣਜੇ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਸ ਅਨੁਸਾਰ, ਸਿੰਘਪੁਰ ਪਿੰਡ ਦਾ ਨਿਵਾਸੀ ਮਨੋਜ ਕੁਮਾਰ ਪਟੇਲ (40) ਕਾਰ ਮਕੈਨਿਕ ਸੀ ਅਤੇ ਗੈਰਾਜ ਚਲਾਉਂਦਾ ਸੀ। ਵੀਰਵਾਰ ਸਵੇਰੇ ਗੈਰਾਜ ਜਾਂਦੇ ਸਮੇਂ ਪਿੰਡ ਦੇ ਹੀ ਪ੍ਰਿੰਸ ਪਟੇਲ ਅਤੇ ਉਸ ਦੀ ਰਿਸ਼ਤੇ ਵਿਚ ਲੱਗਦੀ ਮਾਸੀ ਨਾਲ ਉਸ ਦਾ ਵਿਵਾਦ ਹੋ ਗਿਆ। ਦੋਸ਼ ਹੈ ਕਿ ਤਿੱਖੀ ਬਹਿਸ ਤੋਂ ਬਾਅਦ ਦੋਵਾਂ ਨੇ ਮਨੋਜ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੇ ਸਿਰ ’ਤੇ ਗੰਭੀਰ ਸੱਟ ਲੱਗ ਗਈ। ਜ਼ਖ਼ਮੀ ਮਨੋਜ ਘਰ ਪਹੁੰਚ ਕੇ ਕਮਰੇ ਵਿਚ ਲੇਟ ਗਿਆ, ਜਿੱਥੇ ਕੁਝ ਦੇਰ ਬਾਅਦ ਹੀ ਉਸ ਦੀ ਮੌਤ ਹੋ ਗਈ।
ਪੁੱਛਗਿੱਛ ਦੌਰਾਨ ਔਰਤ ਨੇ ਦੋਸ਼ ਲਗਾਇਆ ਕਿ ਮਨੋਜ ਲੰਬੇ ਸਮੇਂ ਤੋਂ ਉਸ ਨਾਲ ਛੇੜਛਾੜ ਅਤੇ ਅਸ਼ਲੀਲ ਟਿੱਪਣੀਆਂ ਕਰਦਾ ਸੀ। ਉਸ ਨੇ ਦੱਸਿਆ ਕਿ ਵੀਰਵਾਰ ਸਵੇਰੇ ਵੀ ਮਨੋਜ ਨੇ ਉਸ ਦੀ ਮਾਂ ਦੇ ਸਾਹਮਣੇ ਅਸ਼ਲੀਲ ਹਰਕਤ ਕੀਤੀ, ਜਿਸ ਤੋਂ ਬਾਅਦ ਵਿਵਾਦ ਵਧ ਗਿਆ। ਥਾਣਾ ਮੁਖੀ ਪੰਕਜ ਕੁਮਾਰ ਤ੍ਰਿਪਾਠੀ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।
