ਨਾਗਰਿਕਤਾ ਬਿੱਲ ਨਾਲ ਭਾਰਤ ਦੇ ਇਤਿਹਾਸਕ ਧਰਮ-ਨਿਰਪੱਖ ਦਾ ਅਕਸ ਹੋਵੇਗਾ ਕਮਜ਼ੋਰ : ਬੰਗਲਾਦੇਸ਼

12/11/2019 11:16:48 PM

ਢਾਕਾ - ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ. ਕੇ. ਅਬਦੁੱਲ ਮੋਮੇਨ ਨੇ ਬੁੱਧਵਾਰ ਨੂੰ ਆਖਿਆ ਕਿ ਨਾਗਰਿਕਤਾ ਸੋਧ ਬਿੱਲ ਨਾਲ ਭਾਰਤ ਦੇ ਇਤਿਹਾਸਕ ਧਰਮ ਨਿਰਪੱਖਤਾ ਦਾ ਅਕਸ ਕਮਜ਼ੋਰ ਹੋਵੇਗਾ। ਉਨ੍ਹਾਂ ਨੇ ਆਪਣੇ ਦੇਸ਼ 'ਚ ਧਾਰਮਿਕ ਘੱਟ ਗਿਣਤੀ ਭਾਈਚਾਰਿਆਂ ਨੂੰ ਸਤਾਏ ਜਾਣ ਦੇ ਦੋਸ਼ਾਂ ਦਾ ਵੀ ਖੰਡਨ ਕੀਤਾ। ਜ਼ਿਕਰਯੋਗ ਹੈ ਕਿ ਨਾਗਰਿਕਤਾ ਬਿੱਲ 'ਚ 31 ਦਸੰਬਰ, 2014 ਤੱਕ ਭਾਰਤ 'ਚ ਬੰਗਲਾਦੇਸ਼, ਅਫਗਾਨਿਸਤਾਨ ਅਤੇ ਪਾਕਿਸਤਾਨ ਤੋਂ ਧਾਰਮਿਕ ਆਧਾਰ 'ਤੇ ਸਤਾਏ ਜਾਣ ਕਾਰਨ ਆਏ ਹਿੰਦੂ, ਸਿੱਖ, ਬੌਧ, ਪਾਰਸੀ ਅਤੇ ਈਸਾਈ ਭਾਈਚਾਰੇ ਨੂੰ ਭਾਰਤੀ ਨਾਗਰਿਕਤਾ ਦੇਣ ਦਾ ਪ੍ਰਾਵਧਾਨ ਹੈ। ਮੋਮੇਨ ਨੇ ਆਖਿਆ ਕਿ ਇਤਿਹਾਸਕ ਰੂਪ ਤੋਂ ਭਾਰਤ ਇਕ ਸ਼ਹਿਣਸ਼ੀਲ ਦੇਸ਼ ਹੈ ਜੋ ਧਰਮ ਨਿਰਪੱਖਤਾ 'ਚ ਭਰੋਸਾ ਕਰਦਾ ਹੈ ਪਰ ਇਹ ਅਕਸ ਕਮਜ਼ੋਰ ਹੋਵੇਗਾ ਜੇਕਰ ਉਹ ਇਸ ਤੋਂ ਹੱਟਣਗੇ।

ਉਨ੍ਹਾਂ ਅੱਗੇ ਆਖਿਆ ਕਿ ਭਾਰਤ ਅਤੇ ਬੰਗਲਾਦੇਸ਼ ਦੇ ਦੋਸਤਾਨਾ ਸਬੰਧ ਹਨ ਅਤੇ ਇਸ ਨੂੰ 2-ਪੱਖੀ ਸਬੰਧਾਂ ਦਾ ਸੁਨਿਹਰੀ ਅਧਿਆਇ ਕਰਾਰ ਦਿੱਤਾ ਜਾਂਦਾ ਹੈ। ਇਸ ਲਈ ਸੁਭਾਵਕ ਹੈ ਕਿ ਸਾਡੇ ਲੋਕ (ਬੰਗਲਾਦੇਸ਼ੀ) ਉਮੀਦ ਕਰਦੇ ਹਨ ਕਿ ਭਾਰਤ ਅਜਿਹਾ ਕੁਝ ਨਾ ਕਰੇ ਜਿਸ ਨਾਲ ਉਨ੍ਹਾਂ 'ਚ ਚਿੰਤਾ ਪੈਦਾ ਹੋਵੇ। ਮੋਮੇਨ ਨੇ ਭਾਰਤੀ ਗ੍ਰਹਿ ਮੰਤਰੀ ਵਲੋਂ ਬੰਗਲਾਦੇਸ਼ 'ਚ ਘੱਟ ਗਿਣਤੀ ਭਾਈਚਾਰਿਆਂ ਦੇ ਸਤਾਏ ਜਾਣ ਦੇ ਦੋਸ਼ ਨੂੰ ਝੂਠ ਕਰਾਰ ਦਿੱਤਾ ਅਤੇ ਆਖਿਆ ਕਿ ਜਿਨ੍ਹਾਂ ਨੇ ਵੀ ਉਨ੍ਹਾਂ ਨੂੰ ਇਹ ਜਾਣਕਾਰੀ ਦਿੱਤੀ ਉਹ ਸਹੀ ਨਹੀਂ ਹੈ। ਉਨ੍ਹਾਂ ਅੱਗੇ ਆਖਿਆ ਕਿ ਸਾਡੇ ਦੇਸ਼ ਦੇ ਕਈ ਅਹਿਮ ਫੈਸਲੇ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਵਲੋਂ ਲਏ ਜਾਂਦੇ ਹਨ ਅਤੇ ਅਸੀਂ ਕਿਸੇ ਦਾ ਵੀ ਮੁਲਾਂਕਣ ਉਨ੍ਹਾਂ ਦੇ ਧਰਮ ਨਾਲ ਨਹੀਂ ਕਰਦੇ। ਮੋਮੇਨ ਨੇ ਕਿਹਾ ਕਿ ਘੱਟ ਗਿਣਤੀ ਭਾਈਚਾਰੇ ਦੀ ਨੁਮਾਇੰਦਗੀ ਵੀ ਉਨ੍ਹਾਂ ਦੇ ਦਾਅਵੇ ਦੀ ਪੁਸ਼ਟੀ ਕਰਦੇ ਹਨ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਧਾਰਮਿਕ ਸਦਭਾਵਨਾ ਨੂੰ ਕਾਇਮ ਰੱਖਦਾ ਹੈ ਅਤੇ ਇਹ ਯਕੀਨਨ ਕਰਦਾ ਹੈ ਕਿ ਸਾਰੇ ਧਰਮਾਂ ਦੇ ਲੋਕਾਂ ਨੂੰ ਬਰਾਬਰ ਅਧਿਕਾਰ ਮਿਲਣ। ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਨੇ ਆਖਿਆ ਕਿ ਵੀਰਵਾਰ ਨੂੰ ਉਨ੍ਹਾਂ ਨੇ ਢਾਕਾ 'ਚ ਅਮਰੀਕੀ ਰਾਜਦੂਤ ਅਰਲ ਆਰ ਮਿਲਰ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਵੀ ਨਾਗਰਿਕਤਾ ਸੋਧ ਬਿੱਲ 'ਤੇ ਚਿੰਤਾ ਜਤਾਈ।


Khushdeep Jassi

Content Editor

Related News