ਭੀੜ ਪੁਲਸ ਵਾਲਿਆਂ ''ਤੇ ਸੁੱਟ ਰਹੀ ਸੀ ਪੱਥਰ, ਪ੍ਰਦਰਸ਼ਨ ਕਰ ਰਹੇ ਨੌਜਵਾਨ ਬਣੇ ਉਨ੍ਹਾਂ ਦੀ ਢਾਲ

12/20/2019 1:01:39 PM

ਅਹਿਮਦਾਬਾਦ— ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਦੇਸ਼ ਭਰ 'ਚ ਪ੍ਰਦਰਸ਼ਨ ਹੋ ਰਿਹਾ ਹੈ। ਹਿੰਸਕ ਪ੍ਰਦਰਸ਼ਨ ਕਾਰਨ ਕਰਨਾਟਕ ਦੇ ਮੰਗਲੁਰੂ 'ਚ 2 ਅਤੇ ਲਖਨਊ 'ਚ ਇਕ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ ਹੈ। ਜਗ੍ਹਾ-ਜਗ੍ਹਾ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਹਿੰਸਕ ਝੜਪਾਂ ਦੇਖਣ ਨੂੰ ਮਿਲ ਰਹੀਆਂ ਹਨ। ਵੀਰਵਾਰ ਨੂੰ ਇਕ ਵੀਡੀਓ ਵਾਇਰਲ ਹੋਇਆ, ਜੋ ਅਹਿਮਦਾਬਾਦ ਦੇ ਸ਼ਾਹ-ਏ-ਆਲਮ ਇਲਾਕੇ ਦਾ ਦੱਸਿਆ ਜਾ ਰਿਹਾ ਹੈ। ਇਸ ਵੀਡੀਓ ਨੂੰ ਇਕ ਨਿਊਜ਼ ਏਜੰਸੀ ਨੇ ਸ਼ੇਅਰ ਕੀਤਾ ਹੈ।

ਤਿਰੰਗਾ ਲਹਿਰਾ ਕੇ ਕੁਝ ਨੌਜਵਾਨ ਬਣੇ ਪੁਲਸ ਵਾਲਿਆਂ ਲਈ ਢਾਲ
ਇਸ ਵੀਡੀਓ 'ਚ ਦਿੱਸ ਰਿਹਾ ਹੈ ਕਿ ਕੁਝ ਪੁਲਸ ਕਰਮਚਾਰੀਆਂ ਨੂੰ ਭੀੜ ਨੇ ਘੇਰ ਲਿਆ ਹੈ ਅਤੇ ਉਨ੍ਹਾਂ ਉੱਪਰ ਪੱਥਰ ਸੁੱਟ ਰਹੇ ਹਨ। ਭੀੜ ਦੇ ਹਿੰਸਕ ਪ੍ਰਦਰਸ਼ਨ ਦਰਮਿਆਨ ਤਿਰੰਗਾ ਲੈ ਕੇ ਕੁਝ ਨੌਜਵਾਨ ਪੁਲਸ ਕਰਮਚਾਰੀਆਂ ਲਈ ਢਾਲ ਬਣ ਕੇ ਪਹੁੰਚ ਗਏ ਅਤੇ ਉਨ੍ਹਾਂ ਨੇ ਪੱਥਰਬਾਜ਼ਾਂ ਤੋਂ ਪੁਲਸ ਕਰਮਚਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ 'ਚ ਡੀ.ਸੀ.ਪੀ., ਏ.ਸੀ.ਪੀ. ਸਮੇਤ 19 ਪੁਲਸ ਕਰਮਚਾਰੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਕ ਪੁਲਸ ਕਰਮਚਾਰੀ ਨੂੰ ਪ੍ਰਦਰਸ਼ਨਕਾਰੀਆਂ ਨੇ ਘੇਰ ਲਿਆ ਅਤੇ ਉਸ ਨੂੰ ਬੇਰਹਿਮੀ ਨਾਲ ਕੁੱਟਿਆ।
ਭੀੜ ਦੇ ਪਥਰਾਅ ਕਾਰਨ ਜਦੋਂ ਪੁਲਸ ਕਰਮਚਾਰੀ ਆਪਣੇ ਵਾਹਨਾਂ 'ਤੇ ਦੌੜਨ ਦੀ ਕੋਸ਼ਿਸ਼ ਕਰ ਰਹੇ ਸਨ, ਉਦੋਂ ਕਿ ਪੁਲਸ ਕਰਮਚਾਰੀ ਲੜਖੜਾ ਕੇ ਡਿੱਗ ਗਿਆ। ਇਸ ਤੋਂ ਬਾਅਦ ਭੀੜ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇੱਥੇ ਵੀ ਕੁਝ ਨੌਜਵਾਨ ਉੱਥੇ ਪੁੱਜੇ ਅਤੇ ਉਨ੍ਹਾਂ ਨੇ ਖੁਦ ਨੂੰ ਜ਼ੋਖਮ 'ਚ ਪਾ ਕੇ ਪੁਲਸ ਕਰਮਚਾਰੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਨੌਜਵਾਨਾਂ ਨੇ ਹਿੰਸਕ ਭੀੜ ਤੋਂ ਜਿਸ ਤਰ੍ਹਾਂ ਪੁਲਸ ਕਰਮਚਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਉਸ ਦੀ ਹੁਣ ਹਰ ਪਾਸੇ ਤਾਰੀਫ਼ ਹੋ ਰਹੀ ਹੈ।
 

ਵੀਡੀਓ ਹੋ ਰਿਹਾ ਤੇਜ਼ੀ ਨਾਲ ਵਾਇਰਲ
ਅਹਿਮਦਾਬਾਦ ਦੇ ਸ਼ਾਹ-ਏ-ਆਲਮ ਇਲਾਕੇ 'ਚ ਵੀਰਵਾਰ ਨੂੰ ਹਜ਼ਾਰਾਂ ਦੀ ਗਿਣਤੀ 'ਚ ਪੁੱਜੇ ਪ੍ਰਦਰਸ਼ਨਕਾਰੀਆਂ ਨੇ ਹੰਗਾਮਾ ਸ਼ੁਰੂ ਕਰ ਦਿੱਤੀ। ਪੁਲਸ ਕਰਮਚਾਰੀਆਂ ਨੇ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਭੀੜ ਨੇ ਪੁਲਸ ਕਰਮਚਾਰੀਆਂ 'ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਪ੍ਰਦਰਸ਼ਨ ਕਾਰਨ ਪੁਲਸ ਕਰਮਚਾਰੀਆਂ ਨੂੰ ਆਪਣੀ ਜਾਨ ਬਚਾ ਕੇ ਦੌੜਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਇਸੇ ਦੌਰਾਨ ਭੀੜ ਨੇ ਕੁਝ ਪੁਲਸ ਕਰਮਚਾਰੀਆਂ ਨੂੰ ਇਕ ਦੁਕਾਨ ਕੋਲ ਘੇਰ ਲਿਆ ਅਤੇ ਉਨ੍ਹਾਂ 'ਤੇ ਪੱਥਰ ਸੁੱਟਣ ਲੱਗੇ। ਭੀੜ ਲਗਾਤਾਰ ਪੱਥਰ ਸੁੱਟ ਰਹੀ ਸੀ ਅਤੇ ਪੁਲਸ ਕਰਮਚਾਰੀ ਕਿਸੇ ਤਰ੍ਹਾਂ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਉੱਥੇ ਕੁਝ ਨੌਜਵਾਨ ਪੁੱਜੇ ਅਤੇ ਉਨ੍ਹਾਂ ਨੂੰ ਭੀੜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਪ੍ਰਦਰਸ਼ਨਕਾਰੀ ਪੱਥਰ ਸੁੱਟਦੇ ਰਹੇ। ਕਾਫ਼ੀ ਕੋਸ਼ਿਸ਼ ਤੋਂ ਬਾਅਦ ਨੌਜਵਾਨਾਂ ਨੇ ਭੀੜ ਨੂੰ ਰੋਕ ਦਿੱਤਾ ਅਤੇ ਪੁਲਸ ਕਰਮਚਾਰੀ ਉੱਥੋਂ ਦੌੜ ਗਏ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।


DIsha

Content Editor

Related News