ਚਿੱਟ ਫੰਡ ਘਪਲਾ : ਪੁਲਸ ਕਮਿਸ਼ਨਰ ਤੇ ਤ੍ਰਿਣਮੂਲ ਸੰਸਦ ਮੈਂਬਰ ਤੋਂ ਪੁੱਛ-ਗਿੱਛ ਜਾਰੀ

02/10/2019 6:07:08 PM

ਸ਼ਿਲਾਂਗ (ਭਾਸ਼ਾ)— ਕੋਲਕਾਤਾ ਦੇ ਪੁਲਸ ਕਮਿਸ਼ਨਰ ਰਾਜੀਵ ਕੁਮਾਰ ਅਤੇ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਕੁਣਾਲ ਘੋਸ਼ ਤੋਂ ਸ਼ਾਰਦਾ ਚਿੱਟ ਫੰਡ ਮਾਮਲੇ ਵਿਚ ਸੀ. ਬੀ. ਆਈ. ਦਫਤਰ ਵਿਚ ਪੁੱਛ-ਗਿੱਛ ਚੱਲ ਰਹੀ ਹੈ। ਸੁਪਰੀਮ ਕੋਰਟ ਦੇ ਨਿਰਦੇਸ਼ ਮੁਤਾਬਕ ਰਾਜੀਵ ਕੁਮਾਰ ਤੋਂ ਐਤਵਾਰ ਨੂੰ ਦੂਜੇ ਦਿਨ ਵੀ ਪੁੱਛ-ਗਿੱਛ ਜਾਰੀ ਰਹੀ। ਇੱਥੇ ਦੱਸ ਦੇਈਏ ਕਿ ਕੋਲਕਾਤਾ ਪੁਲਸ ਕਮਿਸ਼ਨਰ ਰਾਜੀਵ ਕੁਮਾਰ ਤੋਂ ਸ਼ਨੀਵਾਰ ਨੂੰ ਵੀ ਸੀ. ਬੀ. ਆਈ. ਦੇ 3 ਸੀਨੀਅਰ ਅਧਿਕਾਰੀਆਂ ਨੇ ਮਾਮਲੇ ਵਿਚ ਮਹੱਤਵਪੂਰਨ ਸਬੂਤਾਂ ਨਾਲ ਛੇੜਛਾੜ 'ਚ ਭੂਮਿਕਾ ਨੂੰ ਲੈ ਕੇ ਕਰੀਬ 9 ਘੰਟੇ ਤਕ ਪੁੱਛ-ਗਿੱਛ ਕੀਤੀ ਸੀ। ਰਾਜੀਵ ਕੁਮਾਰ ਨੇ ਸੀ. ਬੀ. ਆਈ. ਦਫਤਰ ਵਿਚ ਦਾਖਲ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਕੁਝ ਨਹੀਂ ਕਹਿਣਾ ਹੈ। ਮੈਂ ਜਾਂਚ ਏਜੰਸੀ ਨਾਲ ਹਮੇਸ਼ਾ ਸਹਿਯੋਗ ਕਰਦਾ ਰਿਹਾ ਹਾਂ, ਇਸ ਲਈ ਮੈਂ ਇਸ ਵਿਚ ਸ਼ਾਮਲ ਹੋਣ ਆਇਆ ਹਾਂ।

ਉੱਥੇ ਹੀ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਨੂੰ ਸ਼ਾਰਦਾ ਘਪਲੇ ਵਿਚ 2013 ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ 2016 ਤੋਂ ਉਹ ਜ਼ਮਾਨਤ 'ਤੇ ਬਾਹਰ ਹੈ। ਘੋਸ਼ ਨੇ ਭਾਜਪਾ ਨੇਤਾ ਮੁਕੂਲ ਰਾਏ ਅਤੇ 12 ਹੋਰਨਾਂ ਨੂੰ ਸ਼ਾਰਦਾ ਚਿੱਟ ਫੰਡ ਘਪਲੇ ਵਿਚ ਸ਼ਾਮਲ ਦੱਸਿਆ ਸੀ। ਰਾਏ ਕਦੇ ਬੈਨਰਜੀ ਦਾ ਸੱਜਾ ਹੱਥ ਹੁੰਦੇ ਸਨ। ਇੱਥੇ ਦੱਸ ਦੇਈਏ ਕਿ ਇਹ ਇਕ ਵੱਡਾ ਘਪਲਾ ਸੀ, ਜਿਸ 'ਚ 40 ਹਜ਼ਾਰ ਕਰੋੜ ਰੁਪਏ ਦੀ ਹੇਰਾ-ਫੇਰੀ ਕੀਤੀ ਗਈ ਸੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਸ਼ਾਰਦਾ ਘਪਲੇ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਦਲ (ਐੱਸ. ਆਈ. ਟੀ.) ਦੀ ਅਗਵਾਈ ਰਾਜੀਵ ਕੁਮਾਰ ਨੇ ਕੀਤੀ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਸ ਘਪਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪ ਦਿੱਤੀ ਸੀ।


Tanu

Content Editor

Related News